ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਇੱਕ ਦਿਨ ਦਾ ਬਲਾਕ ਲੈਵਲ ਜਾਗਰੂਕਤਾ ਪ੍ਰੋਗਰਾਮ ਸੂਚਨਾ ਅਧਿਕਾਰ ਐਕਟ, 2005 ਵਿਸ਼ੇ ਤੇ ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟਰੇਨਿੰਗ ਵਿਭਾਗ (ਡੀ.ਓ.ਪੀ.ਟੀ.) ਵੱਲੋਂ ਸਪੋਂਸਰ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 80 ਦੇ ਕਰੀਬ ਭਾਗੀਦਾਰਾਂ ਨੇ ਭਾਗ ਲਿਆ, ਜਿਸ ਵਿੱਚ ਵਿਸ਼ੇਸ਼ ਤੋਰ ਤੇ ਮੋਹਿਤ ਕਲਿਆਣ, ਬੀ.ਡੀ.ਪੀ.ਓ. ਖੰਨਾ, ਉਮਾ ਦੱਤ ਸ਼ਰਮਾ, ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਖੰਨਾ, ਪੰਚਾਇਤ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂ ਅਤੇ ਯੂਥ ਕਲੱਬ ਮੈਂਬਰਾਂ ਨੇ ਭਾਗ ਲਿਆ। ਜਰਨੈਲ ਸਿੰਘ, ਕੋਰਸ ਡਾਇਰੈਕਟਰ (ਆਰ.ਟੀ.ਆਈ.), ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦਿੰਆ ਕਿਹਾ ਕਿ ਸੂਚਨਾ ਅਧਿਕਾਰ ਐਕਟ ਲੋਕ ਪੱਖੀ ਕਾਨੂੰਨ ਹੈ। ਇਸ ਕਨੂੰਨ ਤਹਿਤ ਸਰਕਾਰੀ ਵਿਭਾਗਾਂ ਵਿੱਚ ਪਾਰਦਸ਼ਤਾ ਅਤੇ ਜਵਾਬਦੇਹੀ ਲਿਆਉਣ ਲਈ ਵੱਡੇ ਪੱਧਰ 'ਤੇ ਯੋਗਦਾਨ ਪਾਇਆ ਹੈ। ਉਨਾਂ ਕਿਹਾ ਕਿ ਇਸ ਐਕਟ ਨੇ ਪ੍ਰਸ਼ਾਸਨ ਵਿੱਚ ਲੋਕਾਂ ਦੀ ਭਾਗੀਦਾਰੀ ਵਿੱਚ ਵਾਧਾ ਕੀਤਾ ਹੈ ਅਤੇ ਇਸ ਤਰ੍ਹਾਂ ਵਧੀਆ ਭਲਾਈ ਰਾਜ ਦੇ ਟੀਚਿਆਂ ਨੂੰ ਪੂਰਾ ਕੀਤਾ ਹੈ। ਉਨਾਂ ਵੱਲੋਂ ਭਾਗੀਦਾਰਾਂ ਨੂੰ ਇਸ ਐਕਟ ਦੀਆਂ ਧਾਰਾਵਾਂ ਨਾਲ ਵੱਧ ਤੋਂ ਵੱਧ ਜਾਣੂ ਹੋਣ ਲਈ ਉਤਸ਼ਾਹਿਤ ਕੀਤਾ ਗਿਆ, ਜੋ ਕਿ ਉਨ੍ਹਾਂ ਲਈ ਰੋਜ਼ਾਨਾ ਜਿੰਦਗੀ ਵਿੱਚ ਮਦਦਗਾਰ ਹੋਣਗੇ। ਉਨਾਂ ਦੱਸਿਆ ਕਿ ਮਗਸੀਪਾ ਵੱਲੋਂ ਕਰਨ ਬੀਰ ਸਿੰਘ ਸਿੱਧੂ, ਆਈ.ਏ.ਐੱਸ., ਸਪੈਸ਼ਲ ਮੁੱਖ ਸਕੱਤਰ (ਪੰਜਾਬ ਸਰਕਾਰ) -ਕਮ- ਡਾਇਰੈਕਟਰ ਜਨਰਲ, ਮਗਸੀਪਾ ਅਤੇ ਸ਼੍ਰੀਮਤੀ ਜਸਪ੍ਰੀਤ ਤਲਵਾੜ, ਆਈ.ਏ.ਐੱਸ., ਸਕੱਤਰ (ਪੰਜਾਬ ਸਰਕਾਰ) -ਕਮ- ਡਾਇਰੈਕਟਰ, ਮਗਸੀਪਾ ਦੀ ਯੋਗ ਅਗਵਾਈ ਹੇਠ ਸਿਖਲਾਈ ਪ੍ਰੋਗਰਾਮਾਂ ਦੇ ਦਾਇਰੇ ਦਾ ਵਿਸਥਾਰ ਕਰਦਿੰਆ ਇਸ ਚਾਲੂ ਵਿੱਤੀ ਸਾਲ ਵਿੱਚ 270 ਤੋਂ ਵੱਧ ਸਿਖਲਾਈ ਪ੍ਰੋਗਰਾਮ ਕਰਵਾਏ ਗਏ ਹਨ, ਜਿਨਾਂ ਵਿੱਚ ਸੂਚਨਾ ਅਧਿਕਾਰ ਐਕਟ, 2005 ਵਿਸ਼ੇ ਤੇ ਪ੍ਰੋਗਰਾਮ ਵੀ ਸ਼ਾਮਲ ਹਨ। ਇਸ ਪ੍ਰੋਗਰਾਮ ਵਿੱਚ ਸੰਦੀਪ ਕੈਲੇ ਅਤੇ ਉਸਦੀ ਟੀਮ ਵੱਲੋਂ ਨਾਟਕ ਅਤੇ ਲੋਕ ਗੀਤਾਂ ਰਾਹੀ ਭਾਗੀਦਾਰਾਂ ਨੂੰ ਸੂਚਨਾ ਅਧਿਕਾਰ ਐਕਟ 2005 ਸਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਵਿਸ਼ਾ-ਮਾਹਿਰ ਡੀ.ਸੀ. ਗੁਪਤਾ, ਆਈ.ਡੀ.ਏ.ਐੱਸ. (ਰਿਟਾ.) ਵੱਲੋਂ ਸੂਚਨਾ ਅਧਿਕਾਰ ਐਕਟ, 2005 ਵਿਸ਼ੇ 'ਤੇ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਭਾਗੀਦਾਰਾਂ ਦੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ ਗਏ ਤੇ ਭਾਗੀਦਾਰਾਂ ਵੱਲੋਂ ਸੰਤੁਸ਼ਟੀ ਵੀ ਜਤਾਈ ਗਈ। ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਇਸ ਪ੍ਰੋਗਰਾਮ ਦੇ ਉਦੇਸ਼ਾਂ 'ਤੇ ਚਾਨਣਾ ਪਾਇਆ ਗਿਆ। ਮੋਹਿਤ ਕਲਿਆਣ, ਬੀ.ਡੀ.ਪੀ.ਓ. ਖੰਨਾਂ ਵੱਲੋਂ ਇਹ ਪ੍ਰੋਗਰਾਮ ਕਰਾਉਣ ਲਈ ਮਗਸੀਪਾ ਦਾ ਧੰਨਵਾਦ ਕੀਤਾ ਗਿਆ।