ਮਹਿਲ ਕਲਾਂ /ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-
ਹਲਕਾ ਮਹਿਲ ਕਲਾਂ ਅੰਦਰ ਕਈ ਆਈਲਟਸ ਸੈਂਟਰ, ਟ੍ਰੈਵਲ ਏਜੰਟ ਤੇ ਇਮੀਗ੍ਰੇਸ਼ਨ ਕੇਂਦਰ ਜੋ ਬਿਨਾਂ ਲਾਈਸੰਸ ਤੋਂ ਧੜਾਧੜ ਚੱਲ ਰਹੇ ਹਨ ਤੇ ਲੋਕਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ, ਪਰ ਪ੍ਰਸ਼ਾਸਨ ਦਾ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਹੈ l ਪੰਜਾਬ ਵਿੱਚ ਨੌਜਵਾਨ ਲੜਕੇ ਤੇ ਲੜਕੀਆਂ ਚੰਗੇ ਪੜ੍ਹੇ ਲਿਖੇ ਹੋਣ ਕਾਰਨ, ਉਨ੍ਹਾਂ ਨੂੰ ਕੋਈ ਨੌਕਰੀ ਵਗੈਰਾ ਨਹੀਂ ਮਿਲ ਰਹੀ ਤੇ ਬੇਰੁਜ਼ਗਾਰ ਹੋਣ ਕਰਕੇ ਭੈੜੀਆ ਲਾਹਨਤਾਂ ਵਿੱਚ ਫਸ ਜਾਂਦੇ ਹਨ। ਨੌਜਵਾਨ ਲੜਕੇ ਤੇ ਲੜਕੀਆਂ ਰੁਜਗਾਰ ਲਈ ਆਈਲੈਟਸ ਸੈਂਟਰਾਂ ਵਿੱਚ ਆਈਲੈਟਸ ਕਰਕੇ ਵੱਖ- ਵੱਖ ਵਿਦੇਸ਼ਾਂ ਵਿੱਚ ਜਾ ਰਹੇ ਹਨ ,ਇਨ੍ਹਾਂ ਸੈਂਟਰਾਂ ਉੱਪਰ ਲੜਕੇ ਤੇ ਲੜਕੀਆਂ ਦੀ ਮੇਲਿਆਂ ਵਾਂਗ ਭੀੜ ਲੱਗੀ ਰਹਿੰਦੀ ਹੈ ਤੇ ਹੁਣ ਜਣਾ ਖਣਾ ਹੀ ਆਈਲੈਟਸ ਸੈਂਟਰ ਖੋਲ੍ਹ ਕੇ ਬੈਠ ਜਾਂਦਾ ਹੈ ,ਜਿੱਥੇ ਵਿਦਿਆਰਥੀਆਂ ਦੀ ਚੰਗੀ ਛਿੱਲ ਲਾਹੀ ਜਾ ਰਹੀ ਹੈ', ਕਿਉਂਕਿ ਇਸ ਕੰਮ ਵਿੱਚ ਪੈਸਾ ਚੰਗਾ ਬਣਦਾ ਹੈ ,ਪਰ ਸਰਕਾਰ ਨੂੰ ਇਹ ਸੈਂਟਰਾਂ ਵਾਲੇ ਚੰਗਾ ਚੂਨਾ ਲਾ ਰਹੇ ਹਨ ਤੇ ਇਹ ਸੈਂਟਰ ਨਿਧੜਕ ਹੋ ਕੇ ਚੱਲ ਰਹੇ ਹਨ, ਕਈ ਸੈਂਟਰਾਂ ਉੱਪਰ ਸਿਆਸੀ ਲੋਕਾਂ ਦਾ ਹੱਥ ਹੋਣ ਕਰਕੇ ਬੇਖੌਫ ਹੋ ਕੇ ਚੱਲ ਰਹੇ ਹਨ। ਦੂਜੇ ਪਾਸੇ ਟਰੈਵਲ ਏਜੰਟ ਕਈ ਇਹੋ ਜਿਹੇ ਹਨ, ਜਿਨ੍ਹਾਂ ਕੋਲ ਕੋਈ ਲਾਇਸੈਂੰਸ ਬਗੈਰਾ ਨਹੀਂ ਹੈ। ਲੜਕੇ ਤੇ ਲੜਕੀਆਂ ਆਈਲੈਟਸ ਕਰਕੇ ਟਰੈਵਲ ਏਜੰਟਾਂ ਦਾ ਸਹਾਰਾ ਲੈ ਕੇ ਵਿਦੇਸ਼ਾਂ ਵਿਚ ਪੜ੍ਹਨ ਜਾਂਦੇ ਹਨ ਤੇ ਕਈ ਏਜੰਟ ਇਹੋ ਜਿਹੇ ਹੁੰਦੇ ਹਨ,, ਜਿਹੜੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਗਲਤ ਪਾਸੇ ਭੇਜ ਦਿੰਦੇ ਹਨ ,ਜਿਨ੍ਹਾਂ ਦੀ ਹਾਲਤ ਬੜੀ ਤਰਸਯੋਗ ਹੋ ਜਾਂਦੀ ਹੈ। ਬਿਨਾਂ ਲਾਈਸੰਸ ਸੈਂਟਰਾਂ ਖ਼ਿਲਾਫ਼ ਪੰਜਾਬ ਪ੍ਰੀਵੈਸ਼ਨ ਆਫ ਹਿਊਮੈਨ ਸਮੱਗਲਿੰਗ ਐਕਟ 2012 ਦੀ ਧਾਰਾ 4 ਤਹਿਤ ਕਾਰਵਾਈ ਹੋ ਸਕਦੀ ਹੈ l