ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-
ਡਿਪਟੀ ਕਮਿਸ਼ਨਰ ਵੱਲੋਂ ਅੱਜ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਵੱਲੋਂ ਕਪੂਰਥਲਾ ਜ਼ਿਲੇ ਲਈ ਸਾਲ 2020-21 ਲਈ ਤਿਆਰ ਕੀਤੀ ਗਈ ਸੰਭਾਵੀ ਲਿੰਕਡ ਕਰਜ਼ ਯੋਜਨਾ (ਪੀ. ਐਲ. ਪੀ) ਸਬੰਧੀ ਕਿਤਾਬਚਾ ਜਾਰੀ ਕੀਤਾ ਗਿਆ। ਉਨਾਂ ਦੱਸਿਆ ਕਿ 7044.62 ਕਰੋੜ ਰੁਪਏ ਦੀ ਨਾਬਾਰਡ ਦੀ ਇਹ ਕਰਜ਼ ਯੋਜਨਾ ਜ਼ਿਲੇ ਦੇ ਤਰਜੀਹੀ ਖੇਤਰ ਲਈ ਲੋੜੀਂਦੇ ਕਰਜ਼ ਦੀ ਪੂਰਤੀ ਕਰੇਗੀ। ਇਸ ਮੌਕੇ ਨਾਬਾਰਡ ਦੇ ਜ਼ਿਲਾ ਵਿਕਾਸ ਅਫ਼ਸਰ ਸ੍ਰੀ ਰਾਕੇਸ਼ ਵਰਮਾ ਨੇ ਦੱਸਿਆ ਕਿ ਅਗਲੇ ਵਿੱਤੀ ਵਰੇ ਲਈ ਜ਼ਿਲੇ ਦੇ ਤਰਜੀਹੀ ਖੇਤਰ ਲਈ ਕੁਲ ਕਰਜ਼ ਯੋਗਤਾ ਦਾ ਅਨੁਮਾਨ 7044.62 ਕਰੋੜ ਰੁਪਏ ਆਂਕਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਦਸਤਾਵੇਜ਼ ਵਿਚ ਦਿੱਤੇ ਗਏ ਅਨੁਮਾਨ ਬੈਕਿੰਗ ਖੇਤਰ ਲਈ ਲੀਡ ਬੈਂਕ ਦੁਆਰਾ ਬਣਾਈ ਜਾਣ ਵਾਲੀ ਅਗਲੇ ਸਾਲ ਦੀ ਸਾਲਾਨਾ ਕਰਜ਼ ਯੋਜਨਾ ਦੇ ਟੀਚੇ ਦਾ ਆਧਾਰ ਬਣਨਗੇ। ਉਨਾਂ ਦੱਸਿਆ ਕਿ ਕ੍ਰੈਡਿਟ ਯੋਗਤਾ ਦਾ ਅਨੁਮਾਨ ਪ੍ਰਮੁੱਖ ਖੇਤਰਾਂ ਜਿਵੇਂ ਖੇਤੀਬਾੜੀ, ਗੈਰ ਖੇਤੀਬਾੜੀ ਅਤੇ ਹੋਰਨਾਂ ਤਰਜੀਹੀ ਖੇਤਰਾਂ ਲਈ ਕ੍ਰਮਵਾਰ 63 ਫੀਸਦੀ, 22 ਫੀਸਦੀ ਅਤੇ 16 ਫੀਸਦੀ ਆਂਕਿਆ ਗਿਆ ਹੈ। ਇਸ ਅਨੁਸਾਰ ਖੇਤੀਬਾੜੀ ਲਈ 4405.76 ਕਰੋੜ, ਦਰਮਿਆਨੇ/ਲਘੂ/ਅਤਿ ਲਘੂ ਉਦਯੋਗਾਂ ਲਈ 1545.50 ਕਰੋੜ ਅਤੇ ਹੋਰਨਾਂ ਤਰਜੀਹੀ ਖੇਤਰਾਂ ਲਈ 1093.36 ਰੁਪਏ ਕਰਜ਼ ਦਾ ਅਨੁਮਾਨ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਅਨੁਮਾਨਾਂ ਨੂੰ ਤਰਜੀਹੀ ਖੇਤਰ ਦੇ ਦਿਸ਼ਾ-ਨਿਰਦੇਸ਼ਾਂ, ਜਿਵੇਂ ਕਿ ਵੱਖ-ਵੱਖ ਨਿਵੇਸ਼ ਗਤੀਵਿਧੀਆਂ ਦੀ ਇਕਾਈ ਲਾਗਤ, ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਤਰਜੀਹਾਂ, ਜ਼ਿਲੇ ਦੀ ਵਿਕਾਸ ਯੋਜਨਾ, ਜ਼ਮੀਨੀ ਪੱਧਰ ’ਤੇ ਸੰਸਥਾਗਤ ਕਰਜ਼ ਪ੍ਰਵਾਹ ਦੇ ਰੁਝਾਨ ਅਤੇ ਹੋਰਨਾਂ ਪ੍ਰਸੰਗਿਕ ਕਾਰਕਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਡੀ. ਐਸ. ਪੀ ਸ. ਸੰਦੀਪ ਸਿੰਘ ਮੰਡ, ਪੀ. ਐਨ. ਬੀ ਦੇ ਸਰਕਲ ਹੈੱਡ ਸ. ਐਸ. ਪੀ. ਸਿੰਘ, ਜ਼ਿਲਾ ਲੀਡ ਮੈਨੇਜਰ ਸ੍ਰੀ ਡੀ. ਐਲ. ਭੱਲਾ, ਆਰ. ਬੀ. ਆਈ ਦੇ ਐਲ. ਡੀ. ਓ ਸ੍ਰੀ ਬਿਮਲ ਸ਼ਰਮਾ, ਡਾਇਰੈਕਟਰ ਆਰ. ਸੇਟੀ ਸ੍ਰੀ ਪਰਮਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।