ਬਠਿੰਡਾ,ਦਸੰਬਰ 2019- (ਮਨਜਿੰਦਰ ਗਿੱਲ )-
ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਵਰਲਡ ਕੈਂਸਰ ਕੇਅਰ ਵੱਲੋਂ ਬੀਕਾਨੇਰ ਜਾਣ ਵਾਲੀ ਕੈਂਸਰ ਟਰੇਨ ਦੇ ਮਰੀਜ਼ਾਂ ਲਈ ਸੁਖ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ। ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਡਾ. ਕੁਲਵੰਤ ਧਾਲੀਵਾਲ ਨੇ ਦੱਸਿਆ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਹੈ ਜੋ ਕਿ ਪੰਜਾਬ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਭਲਾਈ ਲਈ ਕੈਂਸਰ ਜਾਗਰੂਕਤਾ ਕੈਂਪ ਲਗਾ ਰਹੀ ਹੈ। ਸੰਸਥਾ ਦੇ ਐਮ.ਡੀ. ਡਾ.ਧਰਮਿੰਦਰ ਢਿੱਲੋਂ ਅਤੇ ਮੈਨੇਜਰ ਡਾ. ਸ਼ਾਲਿਨੀ ਵਿਸ਼ਟ ਨੇ ਕਿਹਾ ਕਿ ਸੰਸਥਾ ਵੱਲੋਂ ਸੱਤ ਪ੍ਰਕਾਰ ਦੇ ਕੈਂਸਰ ਔਰਤਾਂ ਦੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਟੈਸਟਾਂ ਤੋਂ ਇਲਾਵਾ ਮਰਦਾਂ ਦੇ ਗਦੂਦਾਂ, ਬਲੱਡ ਕੈਂਸਰ, ਪੇਟ, ਗਲੇ, ਮੂੰਹ ਆਦਿ ਦੇ ਟੈਸਟ ਬਿਲਕੁੱਲ ਫਰੀ ਕੀਤੇ ਜਾਂਦੇ ਹਨ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ । ਮਾਲਵਾ ਇੰਚਾਰਜ ਸੁਖਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਬੀਕਾਨੇਰ ਜਾਣ ਵਾਲੀ ਕੈਂਸਰ ਟਰੇਨ ਦੇ ਮਰੀਜ਼ਾਂ ਲਈ ਸੁਖ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲੰਗਰ ਲਗਾਏ ਜਾ ਰਹੇ ਹਨ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ। ਇਸ ਮੌਕੇ ਸੁਖ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਸ.ਪੀ. ਸਿੱਧੂ, ਲੱਕੀ ਡਾਇਰੈਕਟਰ, ਖੜਕ ਸਿੰਘ, ਅਵਿਨਾਸ਼ ਗੋਂਦਾਰਾ, ਸਵਰਨਜੀਤ ਰੋਮੀ ਵੱਲੋਂ ਸੇਵਾ ਕੀਤੀ ਗਈ।