You are here

ਡਾ: ਦਲਬੀਰ ਸਿੰਘ ਪੰਨੂੰ ਦੀ ਲਿਖੀ ਸਰਹੱਦ ਪਾਰਲੀ ਸਿੱਖ ਵਿਰਾਸਤ ਬਾਰੇ ਪੁਸਤਕ ਸਬੰਧੀ ਸਮਾਗਮ 9 ਦਸੰਬਰ ਨੂੰ ਹੋਵੇਗਾ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਅਮਰੀਕਾ ਵੱਸਦੇ ਸਿੱਖ ਵਿਦਵਾਨ ਡਾ: ਦਲਬੀਰ ਸਿੰਘ ਪੰਨੂ ਦੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਗਰੇਜ਼ੀ ਪੁਸਤਕ (The sikh heritage beyond borders) ਸਰਹੱਦ ਪਾਰਲੀ ਸਿੱਖ ਵਿਰਾਸਤ ਦਾ ਲੁਧਿਆਣਾ ਸਥਿਤ ਜੀ ਜੀ ਐੱਨ ਖ਼ਾਲਸਾ ਕਾਲਿਜ ਸਿਵਿਲ ਲਾਈਨਜ਼ ਵਿਖੇ ਪਰਵਾਸੀ ਸਾਹਿੱਤ ਅਧਿਅਨ ਕੇਂਦਰ ਵੱਲੋਂ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਜਾਣ ਪਛਾਣ ਤੇ ਵਿਚਾਰ ਚਰਚਾ ਸਮਾਗਮ 9 ਦਸੰਬਰ ਸੋਮਵਾਰ ਸਵੇਰੇ 11.30 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਚਿੱਤਰ ਗਿਆਨ ਪੁਸਤਕ ਦੀ ਸਿਰਜਣ ਪ੍ਰਕ੍ਰਿਆ ਅਤੇ ਪ੍ਰਕਾਸ਼ਨ ਤੀਕ ਸਫ਼ਰ ਬਾਰੇ ਲੇਖਕ ਡਾ: ਦਲਬੀਰ ਸਿੰਘ ਪੰਨੂੰ ਜਾਣਕਾਰੀ ਦੇਣਗੇ। ਜਦਕਿ ਵਿਚਾਰ ਚਰਚਾ ਵਿੱਚ ਵਿਦਵਾਨ ਲੇਖਕ ਡਾ: ਹਰਦੇਵ ਸਿੰਘ ਵਿਰਕ ਸਾਬਕਾ ਸੀਨੀਅਰ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੋ: ਰਵਿੰਦਰ ਭੱਠਲ, ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਡਾ: ਅਰਵਿੰਦਰ ਸਿੰਘ ਭੱਲਾ, ਪ੍ਰਿੰਸੀਪਲ, ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਭਾਗ ਲੈਣਗੇ। ਸਮਾਗਮ ਦੀ ਪ੍ਰਧਾਨਗੀ ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਕਰਨਗੇ। ਇਹ ਜਾਣਕਾਰੀ ਦਿੰਦਿਆਂ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਕਨਵੀਨਰ ਪ੍ਰੋ: ਸ਼ਰਨਜੀਤ ਕੌਰ ਤੇ ਡਾ: ਤੇਜਿੰਦਰ ਕੌਰ ਨੇ ਦੱਸਿਆ ਕਿ ਡਾ: ਦਲਬੀਰ ਸਿੰਘ ਪੰਨੂੰ ਕਿੱਤੇ ਵੱਲੋਂ ਦੰਦਾਂ ਦੇ ਡਾਕਟਰ ਹਨ ਅਤੇ ਆਪਣੇ ਲੇਖਕ ਬਾਪ ਸ: ਚਰਨਜੀਤ ਸਿੰਘ ਪੰਨੂੰ ਦੀ ਪ੍ਰੇਰਨਾ ਸਦਕਾ ਖੋਜ ਕਾਰਜ ਦੇ ਮਾਰਗ ਤੇ ਤੁਰੇ ਹਨ। ਇਹ ਪੁਸਤਕ ਪਾਕਿਸਤਾਨ ਤੇ ਭਾਰਤ ਵਿੱਚ ਵੀ ਲੋਕ ਅਰਪਨ ਹੋ ਚੁਕੀ ਹੈ।