You are here

ਸੰਵੇਦਨਾ ਭਰਪੂਰ ਅਤੇ ਪ੍ਰੇਰਣਾਦਾਇਕ ਰਿਹਾ ਪੂਨਮ ਸਿੰਘ ( ਪ੍ਰੀਤਲੜੀ ) ਜੀ ਨਾਲ ਸਿਰਜਣਾ ਦੇ ਆਰ ਪਾਰ ਅੰਤਰਰਾਸ਼ਟਰੀ ਵੈਬੀਨਾਰ 

ਬਰਨਾਲਾ, 25 ਜਨਵਰੀ  ( ਅਵਤਾਰ ਸਿੰਘ ਰਾਏਸਰ )  ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਜੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਦੀ ਯੋਗ ਅਗਵਾਈ ਵਿੱਚ ਔਨਲਾਈਨ ਮਹੀਨਾਵਾਰ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਯਾਦਗਾਰੀ ਹੋ ਨਿੱਬੜਿਆ।ਇਸ ਪ੍ਰੋਗਰਾਮ ਦਾ ਅਰੰਭ ਪ੍ਰਧਾਨ ਰਿੰਟੂ ਭਾਟੀਆ ਜੀ ਨੇ ਪੂਨਮ ਸਿੰਘ ਜੀ ਨੂੰ ਨਿੱਘੀ ਜੀ ਆਇਆਂ ਕਹਿੰਦਿਆਂ ਕੀਤਾ। ਉਪਰੋਕਤ ਇਸ ਪ੍ਰੋਗਰਾਮ ਦੇ ਸੰਚਾਲਕ ਪ੍ਰੋ ਕੁਲਜੀਤ ਕੌਰ ਨੇ ਪੂਨਮ ਜੀ ਅਤੇ ਪ੍ਰੀਤਲੜੀ ਮੈਗਜ਼ੀਨ ਦੀ ਗੂੜੀ ਸਾਂਝ ਬਾਰੇ ਦੱਸ ਦਿਆਂ ਪੂਨਮ ਜੀ ਦੇ ਬਚਪਨ ਤੋਂ ਹੁਣ ਤੱਕ ਦੇ ਜੀਵਨ ਸਫ਼ਰ ਬਾਰੇ ਗੱਲਬਾਤ ਕੀਤੀ। ਪੂਨਮ ਸਿੰਘ ਨੇ ਆਪਣੇ ਬਚਪਨ ਵਿੱਚ ਆਪਣੇ ਕਮਿਊਨਿਸਟ ਮਾਪਿਆਂ ਕਾਮਰੇਡ ਸ੍ਰੀ ਮਦਨ ਅਤੇ ਮਾਂ ਸ਼ੀਲਾ ਦੀਦੀ ਦਾ ਆਪਣੀ ਸੋਚ ਉਪਰ ਪ੍ਰਭਾਵ, ਕੀਨੀਆ ਅਤੇ ਹੋਰ ਦੇਸ਼ਾਂ ਵਿੱਚ ਬਿਤਾਏ ਸਾਲ, ਸਕੂਲ ਅਤੇ ਕਾਲਜ ਨਾਲ ਜੁੜੀਆਂ ਯਾਦਾਂ, ਰੰਗਮੰਚ ਨਾਲ ਸੰਬੰਧਿਤ ਕਲਾ, ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦੀ ਵਿਚਾਰਧਾਰਾ ਦਾ ਜੀਵਨ ਉਪਰ ਪ੍ਰਭਾਵ, ਨਵਤੇਜ ਸਿੰਘ ਜੀ ਵੱਲੋਂ ਮਿਲਿਆ ਹੌਂਸਲਾ ਉਤਸ਼ਾਹ,ਸ੍ਰੀ ਸੁਮੀਤ ਸਿੰਘ ਦਾ ਪਿਆਰ ਭਰਪੂਰ ਸਾਥ ,ਸੁਮੀਤ ਸਿੰਘ ਜੀ ਦੇ ਵਿਛੜਨ ਤੋਂ ਬਾਅਦ ਪਰਿਵਾਰ ਵੱਲੋਂ ਮਿਲਿਆ ਢਾਰਸ,ਸ੍ਰੀ ਰਤੀ ਕੰਤ ਸਿੰਘ ਜੀ ਦਾ ਸਹਿਯੋਗ ਅਤੇ ਸਾਥ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਪ੍ਰੀਤਲੜੀ ਮੈਗਜ਼ੀਨ ਦਾ ਚੌਥੀ ਪੀੜ੍ਹੀ ਦੇ ਹੱਥਾਂ ਵਿੱਚ ਪੂਨਮ ਸਿੰਘ ਜੀ ਦੀ ਬੇਟੀ ਸਮੀਆਂ ਸਿੰਘ ਦੇ ਹੱਥਾਂ ਵਿੱਚ ਵਿਕਸਤ ਹੋਣ ਤੇ ਪੂਨਮ ਸਿੰਘ ਨੇ ਤਸੱਲੀ ਪ੍ਰਗਟ ਕੀਤੀ।

ਮੀਡੀਆ ਅਤੇ ਪੱਤਰਕਾਰੀ ਵਿਚ ਔਰਤਾਂ ਨੂੰ ਪੈਦਾ ਹੋਣ ਵਾਲੀਆਂ ਚੁਨੌਤੀਆਂ ਬਾਰੇ ਵੀ ਉਹਨਾਂ ਚਰਚਾ ਕੀਤੀ। ਸੋਸ਼ਲ ਮੀਡੀਆ ਦਾ ਸਥਾਪਿਤ ਪੱਤਰਕਾਰੀ ਉਪਰ ਪ੍ਰਭਾਵ ਬਾਰੇ ਵੀ ਦੱਸਿਆ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਜੀ ਨੇ ਪੂਨਮ ਸਿੰਘ ਦਾ ਧੰਨਵਾਦ ਕਰਦਿਆਂ  ਪੰਜਾਬੀ ਪੱਤਰਕਾਰੀ ਵਿਚ ਉਹਨਾਂ ਵੱਲੋਂ ਦਿੱਤੇ ਜਾ ਰਹੇ ਯੋਗਦਾਨ ਲਈ ਸ਼ਲਾਘਾ ਕੀਤੀ। ਰਮਿੰਦਰ ਰੰਮੀ ਜੀ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ ਨਵਤੇਜ ਸਿੰਘ ਜੀ ਨਾਲ ਆਪਣੇ ਵਿਦਿਆਰਥੀ ਜੀਵਨ ਦੌਰਾਨ ਬਿਤਾਏ ਸਮੇਂ ਬਾਰੇ ਇਕ ਆਰਟੀਕਲ ਸਾਂਝਾ ਕੀਤਾ ਉਹਨਾਂ ਵਲੋਂ ਦਿੱਤੇ ਆਟੋਗਰਾਫ ਅਤੇ ਆਸ਼ੀਰਵਾਦ ਵੀ ਸਾਂਝੇ ਕੀਤੇ। ਸੁਰਜੀਤ ਕੌਰ ਟਰਾਂਟੋ ਸਰਪ੍ਰਸਤ,ਪ੍ਰੋ ਨਵਰੂਪ ਮੀਤ ਪ੍ਰਧਾਨ ਨੇ ਵੀ ਪੂਨਮ ਸਿੰਘ ਦਾ ਧੰਨਵਾਦ ਕੀਤਾ। ਮੁਖ ਸਲਾਹਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਜੀ ਨੇ ਸਮੁੱਚੇ ਪ੍ਰੋਗਰਾਮ ਸਬੰਧੀ ਆਪਣੇ ਪ੍ਰਭਾਵ ਸਾਂਝੇ ਕੀਤੇ ਅਤੇ ਪੂਨਮ ਸਿੰਘ ਜੀ ਦੇ ਜੀਵਨ ਨੂੰ ਵਰਤਮਾਨ ਨੌਜਵਾਨ ਪੀੜ੍ਹੀ ਲਈ ਵੀ ਪ੍ਰੇਰਨਾਦਾਇਕ ਮੰਨਿਆ। ਉਹਨਾਂ ਪੂਨਮ ਸਿੰਘ ਜੀ ਦੀ ਇਸ ਗੱਲ ਲਈ ਪ੍ਰਸ਼ੰਸਾ ਕੀਤੀ ਕਿ ਉਹਨਾਂ ਨੇ ਬਹੁਤ ਖੂਬਸੂਰਤ ਅਤੇ ਭਾਵਪੂਰਤ ਢੰਗ ਨਾਲ ਆਪਣੇ ਜੀਵਨ ਸਫ਼ਰ ਤੋਂ ਜਾਣੂੰ ਕਰਵਾਇਆ। 

ਇਸ ਅੰਤਰਰਾਸ਼ਟਰੀ ਰੂਬਰੂ ਪ੍ਰੋਗਰਾਮ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਅਮਨਬੀਰ ਸਿੰਘ ਧਾਮੀ , ਦੀਪ ਕੁਲਦੀਪ,ਗੁਰਚਰਨ ਸਿੰਘ ਜੋਗੀ, ਰਵਿੰਦਰ ਕੌਰ ਭਾਟੀਆ, ਅੰਮ੍ਰਿਤਾ ਦਰਸ਼ਨ , ਪੋਲੀ ਬਰਾੜ , ਵਰਿੰਦਰ ਸਿੰਘ ਵਿਰਦੀ , ਅਵਤਾਰ ਸਿੰਘ ਢਿੱਲੋਂ , ਡਾ ਸਤਿੰਦਰਜੀਤ ਕੌਰ ਬੁੱਟਰ , ਡਾ ਜਸਪਾਲ ਸਿੰਘ ਦੇਸੂਵੀ , ਪ੍ਰੋ ਸ਼ਰਨਜੀਤ ਕੌਰ , ਬਲਜਿੰਦਰ ਕੌਰ ਖਾਲਸਾ , ਵਤਨਵੀਰ ਸਿੰਘ , ਇੰਜੀਨੀਅਰ ਮਾਂਗਟ ਤੇ ਬੋਰ ਵੀ ਬਹੁਤ ਸਾਰੇ ਵਿਦਵਾਨ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਹ ਵਰਨਣਯੋਗ ਹੈ ਕਿ ਜਨਰਲ ਸਕੱਤਰ ਅਮਨਬੀਰ ਸਿੰਘ ਧਾਮੀ ਦਾ ਇਸ ਪ੍ਰੋਗਰਾਮ ਦੇ ਪੋਸਟਰ ਲਈ ਵਿਸ਼ੇਸ਼ ਸਹਿਯੋਗ ਦੇਂਦੇ ਹਨ। ਅੰਤ ਵਿੱਚ ਇਸ ਮਹੀਨੇ ਦਾ ਔਨਲਾਈਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਮੈਗਜ਼ੀਨ ਵੀ ਰਿਲੀਜ਼ ਕੀਤਾ ਗਿਆ ਜਿਸ ਦਾ ਸਾਰਾ ਸੰਪਾਦਨ ਕਾਰਜ ਰਮਿੰਦਰ ਰੰਮੀ ਵੱਲੋਂ ਬੜੀ ਮਿਹਨਤ ਨਾਲ ਕੀਤਾ ਜਾਂਦਾ ਹੈ । ਇਹ ਰਿਪੋਰਟ ਪ੍ਰੋ ਕੁਲਜੀਤ ਕੌਰ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ । 

                          ਰਮਿੰਦਰ ਰੰਮੀ ਫ਼ਾਊਂਡਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ