ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੰਜਾਬ ਸਰਕਾਰ ਵੱਲੋਂ ਮਿਤੀ 26 ਨਵੰਬਰ ਦਿਨ ਮੰਗਲਵਾਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਗਿਆ। ਇਸ ਸੰਬੰਧੀ ਜਿੱਥੇ ਜ਼ਿਲਾ ਪੱਧਰੀ ਦੌੜ ਦਾ ਆਯੋਜਨ ਕੀਤਾ ਗਿਆ ਉਥੇ ਵੱਖ-ਵੱਖ ਦਫ਼ਤਰਾਂ ਵਿੱਚ ਸਹੁੰ ਵੀ ਚੁਕਾਈ ਗਈ। ਜ਼ਿਲਾ ਪੱਧਰੀ ਦੌੜ ਦਾ ਆਯੋਜਨ ਅੱਜ ਸਵੇਰੇ 7.30 ਵਜੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ, ਕਾਲਜ ਰੋਡ ਹੁੰਦੀ ਹੋਈ ਸਥਾਨਕ ਰੋਜ਼ ਗਾਰਡਨ ਵਿਖੇ ਸਮਾਪਤ ਹੋਈ, ਜਿਸ ਨੂੰ ਲੁਧਿਆਣਾ (ਪੱਛਮੀ) ਦੇ ਐੱਸ. ਡੀ. ਐੱਮ. ਸ੍ਰ. ਅਮਰਿੰਦਰ ਸਿੰਘ ਮੱਲ•ੀ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌੜ ਵਿੱਚ ਲੁਧਿਆਣਾ ਸਿਵਲ ਪ੍ਰਸਾਸ਼ਨ, ਨਗਰ ਨਿਗਮ ਅਤੇ ਪੁਲਿਸ ਕਮਿਸ਼ਨਰੇਟ ਦੇ ਅਧਿਕਾਰੀ ਅਤੇ ਮੁਲਾਜ਼ਮ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਸ਼ਹਿਰਵਾਸੀਆਂ ਅਤੇ ਖ਼ਿਡਾਰੀਆਂ ਨੂੰ ਸੰਬੋਧਨ ਕਰਦਿਆਂ ਮੱਲੀ ਨੇ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ 26 ਨਵੰਬਰ, 1949 ਨੂੰ ਅਪਣਾਇਆ ਗਿਆ ਸੀ, ਜਿਸ ਨੂੰ ਪੂਰੀ ਤਰਾਂ ਲਾਗੂ 26 ਜਨਵਰੀ, 1950 ਨੂੰ ਕੀਤਾ ਗਿਆ ਸੀ। ਉਨਾਂ ਸਮੂਹ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਦੇ ਸੰਵਿਧਾਨ ਵਿੱਚ ਪੂਰੀ ਤਰਾਂ ਨਿਸ਼ਠਾ ਰੱਖਣ ਅਤੇ ਸੰਵਿਧਾਨ ਮੁਤਾਬਿਕ ਦੇਸ਼ ਨੂੰ ਚਲਾਉਣ ਵਿੱਚ ਸਹਿਯੋਗ ਕਰਨ। ਇਸ ਮੌਕੇ ਨੌਜਵਾਨਾਂ ਨੇ ਆਪਣੇ ਹੱਥਾਂ ਵਿੱਚ ਸੰਵਿਧਾਨ ਸੰਬੰਧੀ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲਾ ਖੇਡ ਅਫ਼ਸਰ ਰਵਿੰਦਰ ਸਿੰਘ, ਐੱਸ. ਡੀ. ਓ. ਸ੍ਰੀ ਬ੍ਰਿਜ ਮੋਹਨ ਅਤੇ ਵੱਡੀ ਗਿਣਤੀ ਵਿੱਚ ਪ੍ਰਤੀਭਾਗੀ ਸ਼ਾਮਿਲ ਸਨ।