You are here

ਅੱਜ ਦੇ ਦਿਨ (ਮਿਤੀ 29 ਅਕਤੂਬਰ, 2019) ਦਾ ਇਤਿਹਾਸ

 ਗੁਰਗੱਦੀ ਦਿਵਸ

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਸਿੱਖਾਂ ਦੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਸਦੀਵੀ ਗੁਰੂ ਹਨ।

 ਦੁਨੀਆਂ ਦੇ ਧਾਰਮਿਕ ਗ੍ਰੰਥਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਖਰਾ ਸਥਾਨ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਧਰਮਾਂ/ਵਰਨਾਂ ਦੇ ਮਹਾਂਪੁਰਖਾਂ ਦੀ ਬਾਣੀ ਨੂੰ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਸ਼ਾਮਲ ਕਰਕੇ ਊਚ-ਨੀਚ, ਅਮੀਰ-ਗਰੀਬ ਆਦਿਕ ਦੇ ਸਭ ਭੇਦ-ਭਾਵ ਨੂੰ ਸਦਾ ਲਈ ਮਿਟਾ ਕੇ ਮਨੁੱਖਤਾ ਨੂੰ ਏਕੇ ਦੀ ਲੜੀ ਵਿੱਚ ਪਰੋ ਦਿੱਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਵਿਸ਼ੇਸ਼ਤਾ ਇਹ ਵੀ ਹੈ ਕਿ ਗੁਰੂ ਜੀ ਦੁਨੀਆਂ ਦੇ ਇੱਕੋ-ਇੱਕ ਧਾਰਮਿਕ ਗ੍ਰੰਥ ਹਨ ਜਿਨ੍ਹਾਂ ਨੂੰ ਰੱਬੀ ਪੁਰਖਾਂ ਨੇ ਆਪ ਲਿਖਿਆ ਹੈ। ਹੋਰਨਾਂ ਧਾਰਮਿਕ ਗ੍ਰੰਥਾਂ ਨੂੰ ਵੱਖ-ਵੱਖ ਲਿਖਾਰੀਆਂ ਵੱਲੋਂ ਸੰਬੰਧਿਤ ਪੈਗੰਬਰਾਂ ਦੀ ਜੀਵਨ ਯਾਤਰਾ ਪੂਰੀ ਕਰਨ ਉਪਰੰਤ ਲਿਖਿਆ ਗਿਆ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਚਾਰਨ ਕੀਤੀ ਸਾਰੀ ਬਾਣੀ ਅਤੇ ਉਦਾਸੀਆਂ ਦੌਰਾਨ ਹੋਰ ਮਹਾਂਪੁਰਖਾਂ ਦੀ ਬਾਣੀ ਇਕੱਤਰ ਕਰਕੇ ਆਪ ਲਿਖ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਅਤੇ ਇਸੇ ਤਰ੍ਹਾਂ ਸਾਰੇ ਗੁਰੂ ਸਾਹਿਬਾਨ ਆਪਣੀ ਬਾਣੀ ਆਪ ਸੰਭਾਲ ਕੇ ਅਗਲੇ ਗੁਰੂ ਸਾਹਿਬਾਨ ਜੀ ਨੂੰ ਸੌਂਪਦੇ ਗਏ ਅਤੇ ਇਹ ਖਜ਼ਾਨਾ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਪਹੁੰਚ ਗਿਆ। 

ਸਿੱਖ ਗੁਰੂ ਸਾਹਿਬਾਨਾਂ ਦੇ ਵੱਧਦੇ ਪ੍ਰਭਾਵ ਨੂੰ ਦੇਖ ਕੇ ਸਮਕਾਲੀ ਹੁਕਮਰਾਨਾਂ ਅਤੇ ਵਿਰੋਧੀ ਤਾਕਤਾਂ ਨੇ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਆਪਣੀ ਮੱਤ ਅਨੁਸਾਰ ਲਿਖੀ ਬਾਣੀ ਨੂੰ ਗੁਰਬਾਣੀ ਕਹਿ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੀ ਸਦੀਵੀ ਸੰਭਾਲ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਮਨੁੱਖਤਾ ਦੇ ਮਾਰਗ ਦਰਸ਼ਨ ਲਈ ਗੁਰਬਾਣੀ ਨੂੰ ਸਦਾ ਲਈ ਸੰਭਾਲਣ ਦੀ ਮਹਾਨ ਸੇਵਾ ਕਰ ਦਿੱਤੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪੋ-ਆਪਣੀ ਬਾਣੀ ਦਰਜ ਕਰਵਾਉਣ ਲਈ ਭਗਤ ਕਾਹਨੇ ਅਤੇ ਪੀਲੂ ਵਰਗੇ ਹੰਕਾਰੀ ਅਤੇ ਅਖੌਤੀ ਧਾਰਮਿਕ ਲੋਕਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਉੱਪਰ ਕਈ ਤਰ੍ਹਾਂ ਦੇ ਸਿਆਸੀ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਨੇ ਕੋਈ ਸਮਝੌਤਾ ਨਾ ਕੀਤਾ ਅਤੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਿਰਫ਼ ਰੱਬੀ-ਪੁਰਖਾਂ ਦੀ ਬਾਣੀ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤਾ। ਗੁਰੂ ਜੀ ਵੱਲੋਂ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਈ. ਵਿੱਚ ਸ਼ੁਰੂ ਕੀਤਾ ਗਿਆ ਜੋ 1604 ਈ. ਵਿੱਚ ਸੰਪੰਨ ਹੋਇਆ। 

ਭਾਈ ਗੁਰਦਾਸ ਜੀ, ਜੋ ਗੁਰਮਤਿ ਦੇ ਉੱਘੇ ਵਿਦਵਾਨ ਤੇ ਮੁਖੀ ਪ੍ਰਬੰਧਕਾਂ ਵਿੱਚੋਂ ਇੱਕ ਸਨ, ਨੇ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਅਗਵਾਈ ਹੇਠ ਪਾਵਨ ਗ੍ਰੰਥ ਨੂੰ ਲਿਖਣ ਦੀ ਸੇਵਾ ਨਿਭਾਈ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਬਾਣੀ ਨੂੰ 30 ਰਾਗਾਂ ਵਿੱਚ ਤਰਤੀਬ ਅਨੁਸਾਰ ਲਿਖਵਾਇਆ। ਗੁਰੂ ਸਾਹਿਬਾਨ ਦੀ ਬਾਣੀ ਮਹਲਾ ੧, ੨, ੩, ੪, ੫ ਕ੍ਰਮ ਅਨੁਸਾਰ ਦਰਜ ਕਰਨ ਪਿੱਛੋਂ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ। ਇਸ ਬੀੜ (ਗ੍ਰੰਥ) ਨੂੰ *ਆਦਿ ਗ੍ਰੰਥ* ਕਿਹਾ ਜਾਂਦਾ ਹੈ। ਇਸ ਦਾ *ਪਹਿਲਾ ਪ੍ਰਕਾਸ਼ ਭਾਦੋਂ ਸੁਦੀ ੧, ਸੰਮਤ ੧੬੬੧ ਬਿਕ੍ਰਮੀ* ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ।

ਸੰਨ 1706 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਵਿਖੇ ਇਸ ਗ੍ਰੰਥ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ। ''ਜੈਜਾਵੰਤੀ'' ਰਾਗ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਸ਼ਾਮਲ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਦੀ ਗਿਣਤੀ 31 ਹੋ ਗਈ। ਇਸ ਬੀੜ ਨੂੰ *'ਦਮਦਮੀ ਬੀੜ'* ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਨੇ ਨਿਭਾਈ। ਬਾਬਾ ਦੀਪ ਸਿੰਘ ਜੀ ਨੇ ਇਸ ਬੀੜ ਦੇ ਹੋਰ ਉਤਾਰੇ ਕਰ ਕੇ ਇਹ ਸਰੂਪ ਸਾਰੇ ਤਖ਼ਤਾਂ ਉੱਤੇ ਭੇਜੇ। 

 

 ਸ੍ਰੀ ਗੁਰੂ ਗੋਬਿੰਦ ਸਿੰਘ ਜੀ 1708 ਈਸਵੀ ਵਿੱਚ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਸਿੱਖਾਂ ਨੂੰ ਇਹ ਹੁਕਮ ਕਰਕੇ:

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਜੋਤੀ ਜੋਤ ਸਮਾ ਗਏ। 

 

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ 3 ਗੁਰਸਿੱਖਾਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਅਨੁਸਾਰ ਹਨ;

6 ਗੁਰੂ ਸਾਹਿਬਾਨ 

ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਅੰਗਦ ਦੇਵ ਜੀ

ਸ੍ਰੀ ਗੁਰੂ ਅਮਰ ਦਾਸ ਜੀ

ਸ੍ਰੀ ਗੁਰੂ ਰਾਮਦਾਸ ਜੀ

ਸ੍ਰੀ ਗੁਰੂ ਅਰਜਨ ਦੇਵ ਜੀ

ਸ੍ਰੀ ਗੁਰੂ ਤੇਗ ਬਹਾਦਰ ਜੀ

15 ਭਗਤ 

ਭਗਤ ਕਬੀਰ ਜੀ 

ਭਗਤ ਨਾਮਦੇਵ ਜੀ 

ਭਗਤ ਰਵਿਦਾਸ ਜੀ 

ਭਗਤ ਤ੍ਰਿਲੋਚਨ ਜੀ 

ਭਗਤ ਫ਼ਰੀਦ ਜੀ 

ਭਗਤ ਬੇਣੀ ਜੀ 

ਭਗਤ ਧੰਨਾ ਜੀ 

ਭਗਤ ਜੈਦੇਵ ਜੀ

ਭਗਤ ਭੀਖਨ ਜੀ 

ਭਗਤ ਪਰਮਾਨੰਦ ਜੀ

ਭਗਤ ਸੈਣ ਜੀ

ਭਗਤ ਪੀਪਾ ਜੀ

ਭਗਤ ਸਧਨਾ ਜੀ 

ਭਗਤ ਰਾਮਾਨੰਦ ਜੀ

ਭਗਤ ਸੂਰਦਾਸ ਜੀ

11 ਭੱਟ 

ਭੱਟ ਕਲਸਹਾਰ ਜੀ

ਭੱਟ ਜਾਲਪ ਜੀ

ਭੱਟ ਕਿਰਤ ਜੀ

ਭੱਟ ਭਿਖਾ ਜੀ

ਭੱਟ ਸਲ੍ਹ ਜੀ 

ਭੱਟ ਬਲ੍ਹ ਜੀ 

ਭੱਟ ਭਲ੍ਹ ਜੀ 

ਭੱਟ ਨਲ੍ਹ ਜੀ 

ਭੱਟ ਗਯੰਦ ਜੀ 

ਭੱਟ ਮਥੁਰਾ ਜੀ

ਭੱਟ ਹਰਬੰਸ ਜੀ

3 ਗੁਰਸਿੱਖ 

ਭਾਈ ਸੱਤਾ ਜੀ 

ਭਾਈ ਬਲਵੰਡ ਜੀ 

ਭਾਈ ਸੁੰਦਰ ਜੀ 

(ਕੁਝ ਵਿਦਵਾਨ ਉਪਰੋਕਤ ਮਹਾਂਪੁਰਖਾਂ ਦੀ ਬਾਣੀ ਤੋਂ ਇਲਾਵਾ ਬਿਹਾਗੜੇ ਕੀ ਵਾਰ ਮਹਲਾ ੪ ਵਿੱਚ ੩ ਸਲੋਕ ਭਾਈ ਮਰਦਾਨਾ ਜੀ ਦੇ ਮੰਨਦੇ ਹਨ। ਪਰ ਕੁਝ ਵਿਦਵਾਨਾਂ ਅਨੁਸਾਰ ਇਹ ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਣ ਕੀਤੇ ਹੋਏ ਹਨ।)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮੇਸ਼ਰ ਜਾਂ ਨਿਰੰਕਾਰ ਦੇ ਬੋਲ ਹਨ, ਜੋ ਉਸ ਦੀ ਕ੍ਰਿਪਾ-ਦ੍ਰਿਸ਼ਟੀ ਸਦਕਾ ਬਾਣੀਕਾਰਾਂ ਦੇ ਮਾਧਿਅਮ ਰਾਹੀਂ ਸੰਸਾਰੀ ਜੀਵਾਂ ਨੂੰ ਪ੍ਰਾਪਤ ਹੋਏ ਹਨ। ਇਸ ਪ੍ਰਥਾਇ ਗੁਰ ਫ਼ਰਮਾਨ ਹਨ;

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥

(ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੬੩)

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥

(ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੩੦੮)

ਦਸ ਗੁਰੂ ਸਾਹਿਬਾਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਵ ‘ਸ਼ਬਦ-ਗੁਰੂ’ ਹੀ ਸਾਡਾ ਗੁਰੂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ *‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’* ਦਾ ਸੁਨੇਹਾ ਦੇ ਕੇ ਸ਼ਬਦ-ਗੁਰੂ ਦੇ ਸਿਧਾਂਤ ਦੀ ਨੀਂਹ ਆਪ ਹੀ ਰੱਖ ਦਿੱਤੀ ਸੀ, ਜਿਸ ਦੀ ਪ੍ਰੋੜ੍ਹਤਾ ਸ੍ਰੀ ਗੁਰੂ ਰਾਮਦਾਸ ਜੀ ਆਪਣੀ ਪਾਵਨ ਬਾਣੀ ਵਿੱਚ ਇਸ ਤਰ੍ਹਾਂ ਕਰਦੇ ਹਨ ;

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥

ਦੁਨੀਆਂ ਦੇ ਮਹਾਨ ਵਿਦਵਾਨਾਂ ਦਾ ਮੰਨਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬੱਤ ਦੇ ਭਲੇ ਲਈ ਵੱਡਮੁੱਲਾ ਖਜ਼ਾਨਾ ਹੈ ਅਤੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਅਪਣਾ ਕੇ ਸੁਖੀ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇੰਗਲੈਂਡ ਦਾ ਨੋਬਲ ਪੁਰਸਕਾਰ ਵਿਜੇਤਾ ਅਤੇ ਮਹਾਨ ਵਿਦਵਾਨ, ਬਰਟਲੈਂਡ ਰਸਲ, ਲਿਖਦਾ ਹੈ ਕਿ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਸੰਬੰਧੀ ਸੰਸਾਰ ਨੂੰ ਜਾਣੂ ਨਾ ਕਰਵਾ ਕੇ ਬਹੁਤ ਵੱਡਾ ਪਾਪ ਕੀਤਾ ਹੈ ਕਿਉਂਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਠੀਕ ਢੰਗ ਨਾਲ ਦੁਨੀਆ ਨੂੰ ਸਮਝਾ ਦਿੱਤੀਆਂ ਜਾਂਦੀਆਂ ਤਾਂ ਸਮਾਜ ਦਾ ਵੱਡਾ ਵਿਕਾਸ ਹੋ ਸਕਦਾ ਸੀ।

ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਮੁੱਚੀ ਮਾਨਵਤਾ ਤੱਕ ਪਹੁੰਚਾਉਣ ਲਈ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਵੱਲੋਂ ਅਰੰਭ ਕੀਤੀ ਗਈ *ਜੀਵੀਏ ਗੁਰਬਾਣੀ ਨਾਲ ਲਹਿਰ* ਨੂੰ ਮਜ਼ਬੂਤ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ।

 

 ਹਵਾਲੇ :- 1. ਸਾਡਾ ਇਤਿਹਾਸ (ਪ੍ਰਿੰ. ਸਤਬੀਰ ਸਿੰਘ) ਪ੍ਰਕਾਸ਼ਕ: ਨਿਊ ਬੁੱਕ ਕੰਪਨੀ, ਜਲੰਧਰ

2. ਸਿੱਖਾਂ ਦੀ ਸੰਖੇਪ ਗਾਥਾ, ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ

3. ਸਿੱਖ ਇਤਿਹਾਸ (ਪ੍ਰੋ. ਕਰਤਾਰ ਸਿੰਘ ਐਮ.ਏ.) ਪ੍ਰਕਾਸ਼ਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

4. ਸਿੱਖ ਇਤਿਹਾਸ (ਪ੍ਰਿੰ. ਤੇਜਾ ਸਿੰਘ, ਡਾ. ਗੰਡਾ ਸਿੰਘ) ਪ੍ਰਕਾਸ਼ਕ: ਪੰਜਾਬੀ ਯੂਨੀਵਰਸਿਟੀ, ਪਟਿਆਲਾ 

5. ਵਿਕੀਪੀਡੀਆ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ 

+91-82880-10531/

 officeatampargas@gmail.com

 http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022