ਅੰਮ੍ਰਿਤਸਰ,ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਏਅਰ ਇੰਡੀਆ ਨੇ ਆਪਣੇ ਬੋਇੰਗ 787 ਡਰੀਮਲਾਈਨਰ ਜਹਾਜ਼ 'ਤੇ 'ੴ' ਲਿਖਵਾਇਆ ਹੈ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨਾਏ ਜਾ ਰਹੇ ਜਸ਼ਨਾਂ ਨੂੰ ਧਿਆਨ 'ਚ ਰੱਖਦੇ ਹੋਏ ਸਿੱਖ ਸੰਗਤਾਂ ਨੂੰ ਤੋਹਫ਼ਾ ਦਿੰਦਿਆਂ ਕੇਂਦਰੀ ਮੰਤਰੀ ਸ: ਹਰਦੀਪ ਸਿੰਘ ਪੁਰੀ ਵਲੋਂ ਇਕ ਇਤਿਹਾਸਕ ਤੇ ਸ਼ਲਾਘਾਯੋਗ ਕਦਮ ਪੁੱਟਦਿਆਂ 31 ਅਕਤੂਬਰ ਤੋਂ ਅੰਮ੍ਰਿਤਸਰ ਸਟਾਂਸਟੇਡ (ਲੰਡਨ) ਦਰਮਿਆਨ ਸ਼ੁਰੂ ਹੋ ਰਹੀ ਏਅਰ ਇੰਡੀਆ ਦੀ ਪਲੇਠੀ ਉਡਾਣ ਨੂੰ ਰੰਗ ਰੋਗਨ ਕਰਵਾ ਕੇ ਉਸ ਦੇ ਅਖੀਰਲੇ ਹਿੱਸੇ ਉਪਰ 'ੴ' ਲਿਖਵਾਇਆ ਗਿਆ ਹੈ ਅਤੇ ਅਗਲੇ ਹਿੱਸੇ 'ਤੇ 'ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲ ਸੈਲੀਬ੍ਰੇਸ਼ਨਜ਼' ਲਿਖਿਆ ਹੋਵੇਗਾ। ਏਅਰ ਇੰਡੀਆ ਦੇ ਸੀ. ਐਮ. ਡੀ. ਅਸ਼ਵਨੀ ਲੋਹਾਨੀ ਨੇ ਦੱਸਿਆ ਕਿ ਅੰਮ੍ਰਿਤਸਰ-ਲੰਡਨ ਦਰਮਿਆਨ ਸਿੱਧੀ ਉਡਾਣ ਸ਼ੁਰੂ ਕਰਨ ਦੀ ਕਾਫ਼ੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਧੀ ਉਡਾਣ ਸ਼ੁਰੂ ਕਰਨ ਦਾ ਵਧੀਆ ਮੌਕਾ ਹੈ। ਉਨ੍ਹਾਂ ਦੱਸਿਆ ਕਿ ਜਹਾਜ਼ 'ਤੇ 'ੴ' ਲਿਖਵਾ ਕੇ ਅਸੀਂ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਅਤੇ ਗੁਰੂ ਸਾਹਿਬ ਵਲੋਂ 'ਪ੍ਰਮਾਤਮਾ ਇਕ ਹੈ' ਦਾ ਸੰਦੇਸ਼ ਪੂਰੀ ਦੁਨੀਆ 'ਚ ਪਹੁੰਚਾ ਰਹੇ ਹਾਂ। ਉਨ੍ਹਾਂ ਦੱਸਿਆ ਕਿ 31 ਅਕਤੂਬਰ ਤੋਂ ਅੰਮ੍ਰਿਤਸਰ-ਲੰਡਨ ਸਿੱਧੀ ਉਡਾਣ ਸ਼ੁਰੂ ਹੋਵੇਗੀ, ਜਿਸ ਦਾ ਸਾਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਪਹਿਲੀ ਫਲਾਈਟ ਦੀਆਂ ਤਕਰੀਬਨ ਸਾਰੀਆਂ ਸੀਟਾਂ ਬੁੱਕ ਹੋ ਗਈਆਂ ਹਨ। ਇਹ ਜਹਾਜ਼ 31 ਅਕਤੂਬਰ ਦੇ ਬਾਅਦ ਹਫ਼ਤੇ 'ਚ ਤਿੰਨ ਦਿਨ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਦੇ ਸਟਾਂਸਟੇਡ ਹਵਾਈ ਅੱਡੇ ਦਰਮਿਆਨ ਉਡਾਣ ਭਰੇਗਾ। ਇਹ ਫਲਾਈਟ ਹਫ਼ਤੇ 'ਚ ਤਿੰਨ ਦਿਨ ਸੋਮਵਾਰ, ਵੀਰਵਾਰ ਅਤੇ ਸਨਿਚਰਵਾਰ ਨੂੰ ਚੱਲੇਗੀ। ਇਸ ਫਲਾਈਟ 'ਚ ਯਾਤਰੀਆਂ ਲਈ ਪੰਜਾਬੀ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕੇਂਦਰੀ ਮੰਤਰੀ ਸ: ਹਰਦੀਪ ਸਿੰਘ ਪੁਰੀ ਦੇ ਯਤਨਾਂ ਸਦਕਾ ਏਅਰ ਇੰਡੀਆ ਵਲੋਂ ਆਪਣੇ ਇਸ ਜਹਾਜ਼ 'ਤੇ 'ੴ' ਲਿਖਣ ਦੇ ਲਏ ਫ਼ੈਸਲੇ ਦਾ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।