ਜਗਰਾਉਂ, 19 ਫਰਵਰੀ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਪੰਚਾਇਤ ਚਕਰ, ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਚਕਰ ਵਿਚ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਕੈਪ ਦਾ ਉਦਘਾਟਨ ਸਮਾਜ ਸੇਵੀ ਬੂਟਾ ਸਿੰਘ ਚਕਰ ਅਤੇ ਖੇਡ ਪ੍ਰਮੋਟਰ ਜਗਵੀਰ ਸਿੰਘ ਜੱਗਾ ਯੂ.ਕੇ ਨੇ ਕੀਤਾ। ਕੈਪ ’ਚ ਪਿੰਡ ਚਕਰ ਤੋਂ ਇਲਾਵਾ ਮੱਲ੍ਹਾ, ਮਾਣੂੰਕੇ, ਲੱਖਾ, ਮੀਨੀਆਂ, ਕੁੱਸਾ ਅਤੇ ਰਾਮਾ ਦੇ ਓ.ਪੀ.ਡੀ ਲਿਸਟ ਮੁਤਾਬਿਕ 321 ਲੋੜਵੰਦਾਂ ਨੇ ਮੁਫਤ ਜਾਂਚ ਕਰਵਾਈ। ਕੈਂਸਰ ਮਾਹਿਰ ਡਾ. ਕੁਲਜੀਤ ਕੌਰ ਨੇ ਜਾਂਚ ਕਰਵਾਉਣ ਆਏ ਲੋਕਾਂ ਨੂੰ ਦੱਸਿਆ ਕਿ ਪੰਜਾਬ ਦਿਨੋ-ਦਿਨ ਕੈਂਸਰ ਵਰਗੀ ਭਿਆਨਕ ਬਿਮਾਰੀ ਦੀ ਲਪੇਟ ’ਚ ਆ ਰਿਹਾ ਹੈ ਜਿਸ ਦਾ ਕਾਰਨ ਇਥੋਂ ਦਾ ਦੂਸ਼ਿਤ ਪਾਣੀ, ਵਾਤਾਵਰਨ ਅਤੇ ਰੋਜ਼ਾਨਾ ਖਾਣ ਵਾਲੇ ਭੋਜਨ ਵਿਚ ਜ਼ਹਿਰੀਲੀਆਂ ਵਸਤਾ ਦਾ ਵਾਧਾ ਹੋਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋ ਵੱਖ-ਵੱਖ ਪਿੰਡਾਂ ’ਚ ਹਰ ਰੋਜ਼ ਇੱਕੋ ਸਮੇਂ ਅਠਾਰਾਂ ਕੈਪ ਲਗਾਏ ਜਾਂਦੇ ਹਨ। ਕੈਂਪ ਦੌਰਾਨ ਆਦਮੀਆਂ ਦੇ ਮੁਕਾਬਲੇ ਔਰਤਾਂ ’ਚ ਕੈਂਸਰ ਦੀ ਬਿਮਾਰੀ ਜ਼ਿਆਦਾ ਹੈ। ਇਸ ਕਰਕੇ ਸਭ ਨੂੰ ਸਮੇਂ-ਸਮੇਂ ’ਤੇ ਆਪਣੇ ਸਰੀਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਕੈਂਸਰ ਮਾਹਿਰਾਂ ਨੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਰਪੰਚ ਪਰਮਜੀਤ ਕੌਰ ਸਿੱਧੂ ਨੇ ਕੈਂਪ ਦੇ ਮੁੱਖ ਪ੍ਰਬੰਧਕ ਜੱਗਾ ਯੂ.ਕੇ ਅਤੇ ਪਰਿਵਾਰ ਦਾ ਧੰਨਵਾਦ ਕੀਤਾ। ਸੁਖਦੇਵ ਸਿੰਘ ਬਰਾੜ ਅਤੇ ਪ੍ਰਿੰਸੀਪਲ ਸਤਨਾਮ ਸਿੰਘ ਨੇ ਡਾਕਟਰਾਂ ਦੀ ਟੀਮ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਰਾਜਵਿੰਦਰ ਕੌਰ, ਸਮਾਜ ਸੇਵਕ ਸੁਖਦੇਵ ਸਿੰਘ, ਸੁਖਦੇਵ ਸਿੰਘ ਬਰਾੜ, ਜਸਵਿੰਦਰ ਸਿੰਘ, ਛਿੰਦਾ ਸਿੰਘ, ਮਨਪ੍ਰੀਤ ਸਿੰਘ ਦੁੱਲਾ, ਗੁਰਜੀਤ ਸਿੰਘ, ਜਗਰਾਜ ਸਿੰਘ, ਜੀਤ ਸਿੰਘ ਹਾਜ਼ਰ ਸਨ।