ਨਵੀਂ ਦਿੱਲੀ, 18 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੁਲਵਾਮਾ ਦਹਿਸ਼ਤੀ ਹਮਲੇ ਤੋਂ ਪ੍ਰਤੱਖ ਹੋ ਗਿਆ ਹੈ ਕਿ ਦਹਿਸ਼ਤਗਰਦੀ ਦੇ ਟਾਕਰੇ ਲਈ ਗੱਲਬਾਤ ਕਰਨ ਦਾ ਸਮਾਂ ਲੰਘ ਗਿਆ ਹੈ ਅਤੇ ਕੁੱਲ ਆਲਮ ਨੂੰ ਇਕਜੁਟ ਹੋ ਕੇ ਦਹਿਸ਼ਤਵਾਦ ਅਤੇ ਇਸ ਦੇ ਪ੍ਰਸਾਰ ਵਿੱਚ ਲੱਗੀਆਂ ਤਾਕਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਹੋਵੇਗੀ। ਸ੍ਰੀ ਮੋਦੀ ਨੇ ਇਹ ਟਿੱਪਣੀਆਂ ਅੱਜ ਇਥੇ ਅਰਜਨਟੀਨਾ ਦੇ ਰਾਸ਼ਟਰਪਤੀ ਮੌਰੀਸੀਓ ਮੈਕਰੀ ਨਾਲ ਗੱਲਬਾਤ ਮਗਰੋਂ ਕੀਤੀਆਂ। ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਅਸੀਂ ਦਹਿਸ਼ਤਗਰਦਾਂ ਤੇ ਉਨ੍ਹਾਂ ਦੇ ਹਮਾਇਤੀਆਂ ਖ਼ਿਲਾਫ਼ ਕਾਰਵਾਈ ਤੋਂ ਟਾਲਾ ਵੱਟਾਂਗੇ ਤਾਂ ਇਹ ਦਹਿਸ਼ਤਵਾਦ ਨੂੰ ਹੱਲਾਸ਼ੇਰੀ ਦੇਣ ਵਰਗਾ ਹੋਵੇਗਾ। ਉਧਰ ਅਰਜਨਟੀਨੀ ਸਦਰ ਮੈਕਰੀ ਨੇ ਅਤਿਵਾਦ ਖ਼ਿਲਾਫ਼ ਸਾਂਝੀ ਕਾਰਵਾਈ ਦਾ ਸੱਦਾ ਦਿੱਤਾ। ਇਸ ਦੌਰਾਨ ਦੋਵਾਂ ਮੁਲਕਾਂ ਨੇ ਸੂਚਨਾ ਤੇ ਸੰਚਾਰ ਤਕਨੀਕ, ਪਰਮਾਣੂ ਊਰਜਾ ਤੇ ਖੇਤੀ ਸਮੇਤ ਹੋਰ ਕਈ ਖੇਤਰਾਂ ਵਿੱਚ ਸਹਿਯੋਗ ਲਈ 10 ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ।