ਦੇਹਰਾਦੂਨ, 18 ਫਰਵਰੀ ਮੇਜਰ ਚਿਤਰੇਸ਼ ਬਿਸ਼ਟ ਨੇ 7 ਮਾਰਚ ਨੂੰ ਰੱਖੇ ਆਪਣੇ ਵਿਆਹ ਲਈ ਅਗਲੇ ਦਿਨੀਂ ਘਰ ਆਉਣਾ ਸੀ, ਉਹ ਆਇਆ ਤਾਂ ਜ਼ਰੂਰ ਪਰ ਇਕ ਤਾਬੂਤ ਵਿੱਚ, ਜੋ ਤਿਰੰਗੇ ਝੰਡੇ ਵਿੱਚ ਲਿਪਟਿਆ ਹੋਇਆ ਸੀ। ਉੱਤਰਾਖੰਡ ਨੇ ਅੱਜ ਆਪਣੇ ਇਸ ਬਹਾਦਰ ਪੁੱਤ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਮੇਜਰ ਬਿਸ਼ਟ ਲੰਘੇ ਦਿਨ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਇਕ ਬਾਰੂਦੀ ਸੁਰੰਗ ਨੂੰ ਨਕਾਰਾ ਕਰਨ ਮੌਕੇ ਸ਼ਹੀਦ ਹੋ ਗਿਆ ਸੀ। ਮੇਜਰ ਬਿਸ਼ਟ ਦੀ ਦੇਹ ਦਾ ਅੱਜ ਇਥੇ ਹਰਿਦੁਆਰ ਵਿੱਚ ਗੰਗਾ ਕੰਢੇ ਖਰਖਰੀ ਸ਼ਮਸ਼ਾਨ ਘਾਟ ਵਿੱਚ ਪੂਰੇ ਫ਼ੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਹੈ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਤੇ ਹੋੋਰਨਾਂ ਵਿਧਾਇਕਾਂ ਤੇ ਭਾਜਪਾ ਆਗੂਆਂ ਨੇ ਮਰਹੂਮ ਮੇਜਰ ਦੇ ਤਾਬੂਤ ’ਤੇ ਫੁੱਲ ਮਾਲਾਵਾਂ ਰੱਖ ਕੇ ਸ਼ਰਧਾਂਜਲੀ ਦਿੱਤੀ। ਮੇਜਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਰਿਸ਼ਤੇ ਵਿੱਚ ਭਰਾ ਲਗਦੇ ਹਰਸ਼ਿਤ ਬਿਸ਼ਟ ਨੇ ਵਿਖਾਈ। ਇਸ ਮੌਕੇ ਮਰਹੂਮ ਮੇਜਰ ਦਾ ਵੱਡਾ ਭਰਾ ਨੀਰਜ ਬਿਸ਼ਟ ਤੇ ਕਈ ਸਿਆਸੀ ਹਸਤੀਆਂ ਕੈਬਨਿਟ ਮੰਤਰੀ ਸਤਪਾਲ ਮਹਾਰਾਜ, ਨੈਨੀਤਾਲ ਤੋਂ ਸੰਸਦ ਮੈਂਬਰ ਭਗਤ ਸਿੰਘ ਕੋਸ਼ਿਯਾਰੀ ਆਦਿ ਮੌਜੂਦ ਸਨ। ਇਸ ਦੌਰਾਨ ਲੋਕਾਂ ਦੀ ਭੀੜ ਵੱਲੋਂ ਵੰਦੇ ਮਾਤਰਮ ਦੇ ਨਾਅਰੇ ਵੀ ਲਾਏ ਗਏ। ਇਸ ਤੋਂ ਪਹਿਲਾਂ ਬਿਸ਼ਟ ਦੇ ਨਹਿਰੂ ਕਲੋਨੀ ਸਥਿਤ ਘਰ ਵਿੱਚ ਅੱਜ ਸਵੇਰੇ ਸ਼ਹਿਰ ਦੇ ਫ਼ੌਜੀ ਹਸਪਤਾਲ ਤੋਂ ਉਹਦੀ ਦੇਹ ਘਰ ਲਿਆਂਦੀ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ, ਜਿਨ੍ਹਾਂ ਵਿੱਚ ਫ਼ੌਜੀ ਜਵਾਨ, ਪੁਲੀਸ ਮੁਲਾਜ਼ਮ, ਸਿਆਸਤਦਾਨ, ਰਿਸ਼ਤੇਦਾਰ, ਦੋਸਤ ਮਿੱਤਰ ਤੇ ਸਥਾਨਕ ਲੋਕ ਸ਼ਾਮਲ ਸਨ, ਨੇ ਮੇਜਰ ਬਿਸ਼ਟ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮੇਜਰ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਜਦੋਂਕਿ ਬਿਸ਼ਟ ਦੇ ਪਿਤਾ ਤੇ ਸਾਬਕਾ ਪੁਲੀਸ ਅਧਿਕਾਰੀ ਐਸ.ਐਸ. ਬਿਸ਼ਟ ਦੀਆਂ ਅੱਖਾਂ ਵੀ ਨਮ ਸਨ। ਪਰਿਵਾਰ ਮੁਤਾਬਕ ਮੇਜਰ ਬਿਸ਼ਟ ਨੇ 7 ਮਾਰਚ ਨੂੰ ਰੱਖੇ ਆਪਣੇ ਵਿਆਹ ਲਈ 28 ਫਰਵਰੀ ਤੋਂ ਛੁੱਟੀ ਆਉਣਾ ਸੀ।