ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ"
ਸੌਂ ਗਿਆ ਮਾਛੀ ਵਾੜੇ ਆ ਕੇ।
ਲੇਖੇ ਚਾਰੇ ਪੁੱਤਰ ਲਾ ਕੇ।।
ਪੈ ਗਿਆ ਆਪਣਾ ਫਰਜ ਨਿਭਾ ਕੇ।
ਵਾਲੀ ਦੋਹਾਂ ਜਹਾਨਾਂ ਦਾ--
ਕਰਜ ਨੀ ਜਾਣਾ ਲਾਹਿਆ ਕੀਤੇ ਹੋਏ ਅਹਿਸਾਨਾਂ ਦਾ-
ਸਾਥੋਂ ਕਰਜ ਨੀ ਜਾਣਾ ਲਾਹਿਆ ਕੀਤੇ ਹੋਏ ਅਹਸਾਨਾਂ ਦਾ---
ਦੋ ਚਮਕੌਰ ਦੇ ਵਿੱਚ ਵਿਆਹੇ।
ਇੰਦਰ ਦੇਵਤੇ ਖਾਰਿਓਂ ਲਾਹੇ।।
ਸਤਿਗੁਰ ਨਵੇ ਪੂਰਨੇ ਪਾਏ।
ਅਨੋਖੀ ਰੀਤ ਚਲਾ ਦਿੱਤੀ - -
ਮਾਤਾ ਜੀਤੋ ਜੀ ਨੂੰ ਆਖੀ ਗੱਲ ਸੀ ਓੜ ਨਿਭਾ ਦਿੱਤੀ ਮਾਤਾ ਜੀਤੋ ਜੀ ਨੂੰ ਆਖੀ ਗੱਲ ਸੀ ਓੜ ਨਿਭਾ ਦਿੱਤੀ।
ਦੋਹਾਂ ਦੀ ਬਰਾਤ ਪਹੁੰਚੀ ਸਰਹੰਦ।
ਕਰ ਲਏ ਸੂਬੇ ਨੇ ਪਸੰਦ।।
ਵਿਚੋਲਾ ਬਣਿਆ ਸੁੱਚਾ ਨੰਦ।।
ਗੋਬਿੰਦ ਸਿੰਘ ਦਿਆਂ ਲਾਲਾਂ ਦਾ--
ਨਵਾਬ ਤੋਂ ਉਤਰ ਨਾ ਦੇ ਹੋਇਆ ਸਿੱਖੀ ਦਿਆਂ ਸਵਾਲਾਂ ਦਾ--
ਨਵਾਬ ਤੋਂ ਉੱਤਰ ਨਾ ਦੇ ਹੋਇਆ ਸਿੱਖੀ ਦਿਆਂ ਸਵਾਲਾਂ ਦਾ - -
ਦਸਤਾਰਾਂ ਬੰਨ ਕੇ ਕਰੇ ਤਿਆਰ।
ਦਿਤਾ ਦਾਦੀ ਮਾਂ ਨੇ ਪਿਆਰ।।
ਤੁਹਾਨੂੰ ਯਾਦ ਕਰੂ ਸੰਸਾਰ।
ਆਖਿਆ ਹਿੱਕ ਨਾਲ ਲਾ ਕੇ ਸੀ - -
ਜਾ ਮਿਲਣਾ ਦਾਦੇ ਤਾਈਂ ਲਾੜੀ ਮੌਤ ਵਿਆਹ ਕੇ ਜੀ- ਜਾ ਮਿਲਣਾ ਦਾਦੇ ਤਾਈਂ ਲਾਡੀ ਮੌਤ ਵਿਆਹ ਕੇ ਜੀ।
ਬਿਨਾਂ ਦਾਜ ਤੋਂ ਵਿਆਹ ਰਚਾਏ।
ਸਤਿਗੁਰ ਨਵੇਂ ਪੂਰਨੇ ਪਾਏ।।
ਸਾਥੋਂ ਗੁਣ ਨ ਜਾਂਦੇ ਗਾਏ।
ਮੇਰੇ ਪ੍ਰੀਤਮ ਪਿਆਰੇ ਜੀ - -
ਐਬ ਗੁਨਾਹ ਸਾਡੇ ਬਖਸ਼ੋ ਅਸੀਂ ਹਾਂ ਭੁੱਲਣਹਾਰੇ ਜੀ। ਐਬ ਗੁਨਾਹ ਸਾਡੇ ਬਖਸ਼ੋ ਅਸੀਂ ਹਾਂ ਭੁੱਲਣਹਾਰੇ ਜੀ।
ਨੀਲੇ ਦੇ ਸ਼ਾਹ ਅਸਵਾਰ।
ਵਾਰਿਆ ਸਿੱਖੀ ਲਈ ਪਰਿਵਾਰ ।।
ਨਹੀ ਕੋਈ ਮਿਲਦੀ ਹੋਰ ਮਿਸਾਲ।
ਐਸੀ ਵਿੱਚ ਜਹਾਨ ਦੇ - -
ਝੰਡੇ ਝੂਲਦੇ ਰਹਿਣ ਹਮੇਸ਼ਾ ਜੀ ਸਿੱਖੀ ਦੀ ਸ਼ਾਨ ਦੇ- ਝੰਡੇ ਝੂਲਦੇ ਰਹਿਣ ਹਮੇਸ਼ਾ ਜੀ ਸਿੱਖੀ ਦੀ ਸ਼ਾਨ ਦੇ-
ਦਸਵੇਂ ਪਿਤਾ ਦੇ ਕੌਤਕ ਨਿਆਰੇ।
ਗੁਰੂ ਤੋਂ ਸਦਾ ਜਾਈਏ ਬਲਿਹਾਰੇ।।
ਝੱਲੇ ਕੌਮ ਲਈ ਦੁਖੜੇ ਭਾਰੇ।
ਬਣ ਕੇ ਆਏ ਮਸੀਹੇ ਸੀ - -
ਆਂਚ ਸਿਖੀ ਤੇ ਆਉਣ ਨਾ ਦਿੱਤੀ ਝੱਲੇ ਆਪ ਤਸੀਹੇ ਸੀ।
ਆਂਚ ਸਿੱਖੀ ਤੇ ਆਉਣ ਨਾ ਦਿੱਤੀ ਝੱਲੇ ਆਪ ਤਸੀਹੇ ਸੀ।
ਦੱਦਾਹੂਰੀਆ ਸੱਚ ਸੁਣਾਵੇ।
ਉਹਦੇ ਚਰਨੀਂ ਸੀਸ ਨਿਵਾਵੇ।।
ਲਿਖੀਆਂ ਧੁਰ ਦੀਆਂ ਕੌਣ ਮਿਟਾਵੇ।
ਜੋ ਕਲਮਾਂ ਵਾਹੀਆਂ ਡਾਢੇ ਨੇ--
ਪਰਿਵਾਰ ਵਾਰ ਕੇ ਕੌਮ ਲਈ ਭਾਗ ਜਗਾਏ ਸਾਡੇ ਨੇ ਪਰਿਵਾਰ ਵਾਰ ਕੇ ਕੌਮ ਲਈ ਭਾਗ ਜਗਾਏ ਸਾਡੇ ਨੇ।
ਸਟੇਟ ਐਵਾਰਡੀ ਲੇਖਕ
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ