* ਚਮਕੌਰ ਦੀ ਗੜੀ ਤੋਂ ਰਵਾਨਗੀ *
ਮਾਛੀਵਾੜੇ ਪਹੁੰਚ ਕੇ ਚੋਜੀ ਪ੍ਰੀਤਮ ਨੇ
ਝਾੜ - ਕਰੀਰ ਹੇਠ ਆ ਡੇਰਾ ਸੀ ਲਾਇਆ !
ਦਿਲੋਂ ਕਰ ਲੱਖ ਸ਼ੁਕਰਾਨਾ ਦਾਤੇ ਦਾ
ਯਾਰੜੇ ਦਾ ਸੱਥਰ ਚੰਗਾ ਬੋਲ ਸੁਣਾਇਆ !
ਸਭ ਕੁਝ ਸਾਡੇ ਤੋਂ ਵਾਰ ਕੇ ਗੁਰਾਂ ਨੇ
ਲਿਵ ਦਾਤੇ ਸੰਗ ਜੋੜ ਸ਼ੁਕਰ ਮਨਾਇਆ !...!!
ਰਤਾ ਰੰਜ ਨਾ ਮਨ ਵਿਚ ਹੈ ਸੀ ਕੋਈ
ਲਿਵ ਪ੍ਭੂ ਨਾਲ ਲਾ ਅਗੰਮੀ ਬੋਲ ਬੋਲੇ !
ਤੇਰੀ ਅਮਾਨਤ ਸੌਂਪ ਤੈਨੂੰ ਚੱਲਿਆ ਹਾਂ
ਭੋਰਾ ਭਰ ਨਾ ਗੁਰੂ ਜੀ ਮਨੋਂ ਡੋਲੇ !
ਸੁਰਖੁਰੂ ਹੋ ਗਿਆ ਕਿਸ਼ਤ ਮੋੜ ਪਹਿਲੀ
ਧੰਨ ਕਰਤਾਰ! ਤੂੰ ਹੀ ਤੂੰ ! ਕਹਿ ਬੋਲੇ !...!!
ਮੈਨੂੰ ਤੇਰਾ ਬਹੁਤ ਹੀ ਪਿਆਰਾ ਲੱਗਦੈ
ਮੇਰਾ ਭੱਠ ਖੇੜਿਆਂ ਸੰਗ ਰਹਿਣਾ ਜੀ !
ਕਿਸੇ ਲੇਫ਼ ਤਲਾਈ ਦੀ ਕੋਈ ਲੋੜ ਨਹੀਂ
ਚੰਗਾ ਲੱਗਦੈ ਨਾਗਾਂ ਵਾਂਗ ਰਹਿਣਾ ਜੀ !
ਯਾਰੜੇ ਦਾ ਸੱਥਰ ਚੰਗਾ ਲੱਗੇ ਮੈਨੂੰ
ਜਿਉਂ ਵਿੰਗ ਕਸਾਈਆਂ ਦਾ ਸਹਿਣਾ ਜੀ !...!!
ਸੀਨੇ ਦੇ ਨਾਲ ਤੇਗ ਲਾ ਕੇ ਸੌਂ ਗਿਆ
ਲੰਮੀਆਂ ਵੱਡੀਆਂ ਮੰਜਿਲਾਂ ਦਾ ਰਾਹੀ !
ਹੌਲੀ ਹੌਲੀ ਵਗ ਨੀਂ ਹਵਾਏ ਭੈੜੀਏ,
ਸੁੱਤਾ ਜਾਗ ਪਵੇ ਨਾ ਪੰਥ ਦਾ ਮਾਹੀ !
ਪੈਰਾਂ 'ਚੋਂ ਤਿੱਪ ਤਿੱਪ ਹੈ ਖੂਨ ਵਗਦਾ
ਲਾਲ ਅੱਡੀਆਂ ਜੋ ਭਰਨ ਗਵਾਹੀ !...!!
ਦੋ ਜਹਾਨ ਦੇ ਗੁਰੂ ਪਿਤਾ ਵਾਲੀ ਨੇ
ਤੇਰੀ ਹਿੱਕ 'ਤੇ ਆ ਲਾਏ ਨੇ ਡੇਰੇ !
ਜੁਗਾਂ ਤੱਕ ਸਿੱਜਦੇ ਹੁੰਦੇ ਰਹਿਣਗੇ
ਚੰਗੇ ਸੁੱਚੇ ਭਾਗ ਨੇ ਧਰਤੀਏ ਤੇਰੇ !
ਪਲ ਦੋ ਪਲ ਦਾ ਆਰਾਮ ਕਰਕੇ
ਖਾਤੇ ਖੋਲ 'ਤੇ ਇਤਿਹਾਸ ਵਿਚ ਤੇਰੇ!...!!
ਲੱਭਦੇ ਲੱਭਦੇ ਆ ਤਿੰਨੇ ਸਿੰਘ ਅੱਪੜੇ
ਵੇਖ ਪਿਤਾ ਵੱਲ ਨੀਰ ਨੇ ਵਹਾਉਂਦੇ !
ਉਹ ਹਾਲਤ ਵੇਖ ਰਹਿ ਨਾ ਸਕੇ
ਗੁਰਾਂ ਦੇ ਪੋਲੇ ਪੋਲੇ ਚਰਨ ਦਬਾਉਂਦੇ !
ਝੱਟ ਗੁਰਾਂ ਪਾਸਾ ਪਰਤਿਆ, ਵੇਖ
ਇਹ ਕੌਣ ਜੋ ਨਜਰ ਪਏ ਆਉਂਦੇ ?...??
ਹੱਥ ਫੜੀ ਝੱਟ, ਕਿਰਪਾਨ ਧੂਹ ਲਈ
ਤਿੰਨੇ ਸਿੰਘ ਗੁਰਾਂ ਵੱਲ ਨਜਰ ਮਿਲਾਉਂਦੇ !
ਵਾਰੋ ਵਾਰੀ ਤਿੰਨੇ ਸਿੰਘਾਂ ਨੂੰ ਪਛਾਣ ਕੇ
ਘੁੱਟ ਘੁੱਟ ਕੇ ਸੀਨੇ ਦੇ ਨਾਲ ਲਾਉਂਦੇ !
ਤਿੰਨੇ ਸਿੰਘਾਂ ਨੇ ਗੁਰੂ ਦਾ ਦੀਦਾਰ ਪਾ ਕੇ
ਦਾਤੇ ਦਾ ਲੱਖ ਲੱਖ ਸ਼ੁਕਰ ਮਨਾਉਂਦੇ !...!!
ਜਾਮਾ ਲੀਰੋ ਲੀਰ ਹੋਇਆ ਵੇਖ ਕੇ
ਪੰਜਾਬੇ - ਗੁਲਾਬੇ ਦੇ ਖੂਹ 'ਤੇ ਲੈ ਆਏ!
ਗਰਮ ਪਾਣੀ ਨਾਲ ਇਸ਼ਨਾਨ ਕਰਵਾ
ਨਵੇਂ ਬਸਤਰ ਗੁਰੁ ਜੀ ਨੂੰ ਪਹਿਨਾਏ !
ਆਪਣੇ ਗੁਰਾਂ ਦਾ ਦੀਦਾਰ ਕਰ ਕੇ
ਤਿੰਨੇ ਸਿੰਘ ਖੁਸ਼ ਹੋਏ ਦੂਣ ਸਵਾਏ !...!!
ਗਰਮ ਦੁੱਧ 'ਚ ਸੁਹਾਰੇ ਉਬਾਲ ਕੇ
ਗੁਰਾਂ ਤਾਈਂ ਦੁੱਧ ਹੈ ਛਕਾਇਆ !
ਗੁਲਾਬੇ-ਪੰਜਾਬੇ ਭਰਾਵਾਂ ਦੀ ਅਰਜ ਉੱਤੇ
ਦੋ ਦਿਨਾਂ ਲਈ ਘਰ 'ਚ ਡੇਰਾ ਲਾਇਆ!
ਟਹਿਲ ਸੇਵਾ ਰੱਜ ਪੂਰੀ ਕੀਤੀ ਸਿੰਘਾਂ ਨੇ
ਵਾਹਵਾ ਪਿਆਰ ਗੁਰਾਂ ਪਾਸੋਂ ਪਾਇਆ!...!!
ਅੱਗੋਂ ਨਬੀ ਖਾਂ ਗਨੀ ਖਾਂ ਸਕੇ ਵੀਰਾਂ ਨੇ
ਉੱਚ ਦਾ ਪੀਰ ਬਣਾ ਅਪਣੇ ਘਰ ਨੂੰ ਧਾਇਆ!
ਬੜੇ ਚਾਵਾਂ ਨਾਲ ਟਹਿਲ ਸੇਞਾ ਕੀਤੀ ਰੱਜ ਕੇ
ਗੁਰਾਂ ਤੋਂ ਪਿਆਰ ਪੁੱਤਰਾਂ ਵਾਲਾ ਪਾਇਆ !
ਧੰਨ ! ਧੰਨ ! ਪਿਤਾ ਕਲਗੀ ਵਾਲਿਆ
ਕੇਹਾ ਜੱਗ 'ਤੇ ਇਹ ਕੌਤਕ ਰਚਾਇਆ ?...??
ਧੰਨ ਨੇ ਪਿਤਾ ਜੀ ਏਹ ਖੇਡਾਂ ਤੇਰੀਆਂ
ਰਤਾ ਵੱਟ ਨਾ ਮੱਥੇ ਉੱਤੇ ਪਾਇਆ !
ਸ਼ਹੀਦ ਪਿਤਾ ਦੇ ਮਹਾਨ ਇਕਲੌਤੇ ਪੁੱਤਰਾ
ਸ਼ਹੀਦ ਪੁੱਤਾਂ ਦੇ ਪਿਉ ਦਾ ਰੁਤਬ ਪਾਇਆ।
ਕੀ ਕੀ ਗਿਣਾਵਾਂ ਕੀਤੇ ਉਪਕਾਰਾਂ ਨੂੰ
ਪਰ ਮੁੱਲ ਕਦੇ ਵੀ ਅਸੀਂ ਨਾ ਪਾਇਆ।...।।
ਗੁਰੂ ਜੀ ਗਾਫਲ੍ਹਾਂ ਨੂੰ ਮਾਫ਼ ਕਰਨਾ
ਅਸੀਂ ਕਦੇ ਵੀ ਨਾ ਸ਼ੁਕਰਾਨਾ ਕੀਤਾ।
ਕਿਡੇ ਅਸੀਂ ਅਘਿਰਤਘਣ ਬਣ ਬੈਠੇ
ਕੱਚੇ ਪਿਲਿਆਂ ਨੂੰ ਗੁਰੂ ਬਣਾ ਲੈਤਾ।
ਦੋ ਜਹਾਨ ਵਾਲੀ ਹੈ ਫਕੀਰ ਬਣਿਆ
ਭੋਰਾ ਰੰਜ ਨਾ ਖ਼ੁਦਾ ਨਾਲ਼ ਕੀਤਾ।
ਖਿੜੇ ਮੱਥੇ ਭਾਣਾ ਮੰਨ ਗੁਰੂ ਜੀ ਨੇ
ਦਾਤੇ ਦਾ ਲੱਖ ਲੱਖ ਸ਼ੁਕਰਾਨਾ ਕੀਤਾ।
ਕੁੱਲ ਆਲਮ ਪਿਆ ਸਿੱਜਦਾ ਕਰੇ
ਧਰਮ ਖਾਤਿਰ ਕਿੱਡਾ ਉਪਕਾਰ ਹੈ ਕੀਤਾ।
ਚਿੱਤ 'ਚ ਅਭਿਮਾਨ ਕੋਈ ਨਾ ਗੁਰਾਂ ਦੇ
ਸਿੱਧੀ ਪ੍ਰਭੂ ਨਾਲ਼ ਜੋੜੀ ਹੈ ਪ੍ਰੀਤਾ।
ਹੈ ਜੀਭਾ ਮੇਰੀ ਇਕੋ ਮਾਲਿਕਾ,ਦਾਸ
ਕਿਹੜੇ ਸ਼ਬਦਾਂ 'ਚ ਬੋਲ ਕੇ ਸੁਣਾਵੇ ?
ਧੰਨ । ਧੰਨ। ਬਾਜਾਂ ਵਾਲੇ ਪ੍ਰੀਤਮਾ
ਮੈਂਨੂੰ ਹੋਰ ਕੁਝ ਵੀ ਸਮਝ ਨਾ ਆਵੇ।
'ਆਜ਼ਾਦ' ਤੇਰੇ ਦਰ ਦਾ ਭਿਖਾਰੀ ਬਣ ਕੇ
ਵਿਚ ਸਭਾ ਦੇ ਸ਼ਹੀਦੀ ਗਾਥਾ ਗਾਵੇ।
* ਰਣਜੀਤ ਸਿੰਘ ਆਜ਼ਾਦ ਕਾਂਝਲਾ *