You are here

ਗਾਇਕ ਗੁਰਦਾਸ ਮਾਨ ਨੂੰ ਹਿੰਦੀ ਨਾਲ ਹੇਜ ਕਰਨਾ ਮਹਿੰਗਾ ਪਿਆ

ਵੈਨਕੂਵਰ, ਸਤੰਬਰ 2019-
ਸੰਗੀਤਕ ਸ਼ੋਅ ਕਰਨ ਕੈਨੇਡਾ ਆਏ ਗਾਇਕ ਗੁਰਦਾਸ ਮਾਨ ਨੂੰ ਹਿੰਦੀ ਨਾਲ ਹੇਜ ਕਰਨਾ ਅੱਜ ਮਹਿੰਗਾ ਪੈ ਗਿਆ। ਐਬਟਸਫੋਰਡ ਵਿਚ ਗੁਰਦਾਸ ਮਾਨ ਦੇ ਸ਼ੋਅ ਦੇ ਬਾਹਰ ਵੱਡੀ ਗਿਣਤੀ ਲੋਕਾਂ ਨੇ ਤਿੰਨ ਘੰਟੇ ਰੋਸ ਵਿਖਾਵਾ ਕੀਤਾ। ਵਿਖਾਵਾਕਾਰੀਆਂ ਨੇ ਸਾਰੀ ਦੁਨੀਆ ’ਚ ਵਸੇ ਪੰਜਾਬੀ ਪ੍ਰੇਮੀਆਂ ਨੂੰ ਗੁਰਦਾਸ ਮਾਨ ਦੇ ਬਾਈਕਾਟ ਦੀ ਅਪੀਲ ਕੀਤੀ। ਸ਼ੋਅ ਵੇਖਣ ਆਏ ਦਰਸ਼ਕਾਂ ’ਚੋਂ ਵੱਡੀ ਗਿਣਤੀ ਲੋਕ ਟਿਕਟਾਂ ਪਾੜ ਕੇ ਪ੍ਰਦਰਸ਼ਨ ’ਚ ਸ਼ਾਮਲ ਹੋਏ। ਦੱਸਣਯੋਗ ਹੈ ਕਿ ਇਹ ਸ਼ੋਅ ਕੈਨੇਡਾ ’ਚ ਹੋਣ ਵਾਲੇ ਪੰਜਾਬੀ ਸੰਗੀਤ ਸ਼ੋਆਂ ’ਚੋਂ ਕਾਫੀ ਮਹਿੰਗਾ ਮੰਨਿਆ ਜਾਂਦਾ ਹੈ। ਕੈਨੇਡਾ ਆਏ ਗਾਇਕ ਗੁਰਦਾਸ ਮਾਨ ਨੇ ਰੇਡੀਓ ਇੰਟਰਵਿਊ, ਪੱਤਰਕਾਰ ਸੰਮੇਲਨ ਅਤੇ ਹੋਰ ਥਾਵਾਂ ’ਤੇ ਭਾਰਤ ਨੂੰ ਇਕ ਭਾਸ਼ੀ ਦੇਸ਼ ਬਣਾਉਣ ਅਤੇ ਪੰਜਾਬੀ ਦੇ ਨਾਲ ਨਾਲ ਹਿੰਦੀ ਨੂੰ ਮਾਸੀ ਵਾਲਾ ਸਤਿਕਾਰ ਦੇਣ ਦੀ ਗੱਲ ’ਤੇ ਵਾਰ ਵਾਰ ਜ਼ੋਰ ਦਿੱਤਾ ਸੀ ਜਿਸ ਦਾ ਪੰਜਾਬੀ ਪ੍ਰੇਮੀਆਂ ਨੇ ਸਖਤ ਨੋਟਿਸ ਲਿਆ ਤੇ ਉਸ ਖਿਲਾਫ਼ ਰੋਹ ਪ੍ਰਚੰਡ ਹੋ ਗਿਆ। ਅੱਜ ਸਵੇਰੇ ਕੁਝ ਪੰਜਾਬੀਆਂ ਵਲੋਂ ਸ਼ੋਅ ਵਿਰੁੱਧ ਰੋਸ ਵਿਖਾਵੇ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਨੂੰ ਬਾਅਦ ਵਿਚ ਵੱਡੀ ਗਿਣਤੀ ਲੋਕਾਂ ਨੇ ਸਮਰਥਨ ਦਿੱਤਾ। ਸ਼ੋਅ ਵੇਖਣ ਵਾਲੇ ਦਰਸ਼ਕਾਂ ਦਾ ਕਹਿਣਾ ਸੀ ਕਿ ਬਾਈਕਾਟ ਦਾ ਐਲਾਨ ਕੁਝ ਦਿਨ ਪਹਿਲਾਂ ਹੋ ਜਾਂਦਾ ਤਾਂ ਉਹ ਟਿਕਟਾਂ ਹੀ ਨਾ ਖਰੀਦਦੇ। ਇਸ ਦੌਰਾਨ ਗਾਇਕ ਦਾ ਪੱਖ ਜਾਨਣ ਲਈ ਸੰਪਰਕ ਕਰਨ ਦੇ ਯਤਨ ਕੀਤੇ ਗਏ ਪਰ ਉਨ੍ਹਾਂ ਦੇ ਰੁੱਝੇ ਹੋਣ ਦਾ ਕਹਿ ਕੇ ਸੰਪਰਕ ਨਹੀਂ ਹੋਣ ਦਿੱਤਾ ਗਿਆ। ਰੋਸ ਦਾ ਸੱਦਾ ਇੰਦਰਜੀਤ ਸਿੰਘ, ਕਰਨੈਲ ਸਿੰਘ, ਮਨਦੀਪ ਸਿੰਘ, ਧਰਮ ਸਿੰਘ, ਸਤਵੰਤ ਸਿੰਘ ਤਲਵੰਡੀ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਜਸਪਾਲ ਸਿੰਘ ਵਲੋਂ ਦਿੱਤਾ ਗਿਆ ਸੀ