ਜਗਰਾਉਂ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅੱਜ ਜਗਰਾਉਂ ਦੇ ਹੀਰਾ ਬਾਗ ਸਥਿਤ ਕਾਮਰੇਡ ਭਰਾਵਾਂ ਦੀ ਰਿਹਾਇਸ਼ ਵਿਖੇ ਪਹੁੰਚੇ। ਇਸ ਸਮੇਂ ਸਾਬਕਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ , ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਹੋਰ ਕਾਂਗਰਸੀ ਉਨ੍ਹਾਂ ਦੇ ਨਾਲ ਸਨ। ਜਤਿੰਦਰ ਪਾਲ ਰਾਣਾ ਨੂੰ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਕਰਕੇ ਅੰਮ੍ਰਿਤਾ ਵੜਿੰਗ ਇਹ ਦਰਸਾਉਣ ਲਈ ਆਏ ਕਿ ਕਾਂਗਰਸ ਪਾਰਟੀ ਇਸ ਔਖੀ ਘੜੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਪ੍ਰਧਾਨਗੀ ਤੋਂ ਦੂਜੀ ਵਾਰ ਹਟਾਏ ਜਤਿੰਦਰ ਪਾਲ ਰਾਣਾ ਦੇ ਕੌਂਸਲਰ ਭਰਾ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੂੰ ਭਰੋਸਾ ਦਿਵਾਇਆ ਕਿ ਪ੍ਰਧਾਨ ਰਾਜਾ ਵੜਿੰਗ ਤੇ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਹੈ। ਸੋਨੀ ਗਾਲਿਬ ਨੇ ਅੰਮ੍ਰਿਤਾ ਵੜਿੰਗ ਨੂੰ ਕਿਹਾ ਕਿ ਸਰਕਾਰ ਦੇ ਧੱਕੇ ਦਾ ਸਾਢੇ ਤਿੰਨ ਸਾਲ ਟਾਕਰਾ ਇਹ ਕਾਮਰੇਡ ਭਰਾ ਹੀ ਕਰ ਗਏ ਜੇਕਰ ਕੋਈ ਹੋਰ ਹੁੰਦਾ ਤਾਂ ਹੁਣ ਤੱਕ ਟੁੱਟ ਜਾਣਾ ਸੀ।