ਇੰਗਲੈਂਡ ਦੌਰੇ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸੰਗਤਾਂ ਨਾਲ ਕਰਨਗੇ ਮੁਲਾਕਾਤ
ਮੁੱਖ ਸੰਪਾਦਕ ਅਮਨਜੀਤ ਸਿੰਘ ਖਹਿਰਾ / ਇੰਗਲੈਂਡ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਇੰਗਲੈਂਡ ਪਹੁੰਚਣਗੇ। ਆਪਣੇ ਦੌਰੇ ਦੌਰਾਨ ਉਹ ਇੰਗਲੈਂਡ ਅਤੇ ਸਕਾਟਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਹੋਣ ਵਾਲੇ ਗੁਰਮਤਿ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਗੇ ਅਤੇ ਸੰਗਤਾਂ ਨਾਲ ਗੁਰਮਤਿ ਤੇ ਪੰਥਕ ਮਸਲਿਆਂ ਸਬੰਧੀ ਵਿਚਾਰਾਂ ਦੀ ਸਾਂਝ ਪਾਉਣਗੇ।
ਜਾਰੀ ਪ੍ਰੋਗਰਾਮ ਅਨੁਸਾਰ 27 ਅਕਤੂਬਰ ਨੂੰ ਗੁਰਦੁਆਰਾ ਗਰੀਬ ਨਿਵਾਜ ਜੀ, ਸਪਰਿੰਗਫੀਲਡ ਰੋਡ, ਹੇਜ਼ ਵਿਖੇ ਸ਼ਾਮ 6:30 ਤੋਂ 8:30 ਵਜੇ ਤੱਕ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।
ਇਸ ਤੋਂ ਬਾਅਦ ਉਨ੍ਹਾਂ ਵੱਲੋਂ ਬਰਮਿੰਘਮ, ਵੁਲਵਰਹੈਂਪਟਨ, ਥੈਟਫੋਰਡ, ਲੰਡਨ, ਲੂਟਨ, ਹੈਂਡਸਵਰਥ ਅਤੇ ਐਡਿਨਬਰਗ ਸਮੇਤ ਵੱਖ-ਵੱਖ ਥਾਵਾਂ ’ਤੇ ਰੱਖੇ ਗਏ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਜਥੇਦਾਰ ਸਾਹਿਬ ਦੇ ਇਸ ਦੌਰੇ ਨੂੰ ਲੈ ਕੇ ਯੂਕੇ ਦੀ ਸਿੱਖ ਸੰਗਤ ਵਿੱਚ ਵਿਸ਼ੇਸ਼ ਉਤਸ਼ਾਹ ਹੈ। ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵੱਲੋਂ ਉਨ੍ਹਾਂ ਦੇ ਸਵਾਗਤ ਅਤੇ ਸੰਗਤ ਨਾਲ ਮੁਲਾਕਾਤਾਂ ਲਈ ਪ੍ਰੋਗਰਾਮ ਉਲੀਕੇ ਗਏ ਹਨ।
ਦੌਰੇ ਦੌਰਾਨ ਸਿੱਖ ਸਿਧਾਂਤਾਂ, ਗੁਰਮਤਿ ਜੀਵਨ, ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਅਤੇ ਮੌਜੂਦਾ ਪੰਥਕ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਹੋਣ ਦੀ ਉਮੀਦ ਹੈ। ਸਾਡੇ ਪ੍ਰਤੀਨਿਧ ਨਾਲ ਮੁਢਲੀ ਜਾਣਕਾਰੀ ਭਾਈ ਜਸਵੀਰ ਸਿੰਘ ਜੀ ਲੂਟਨ ਵਾਲਿਆਂ ਵੱਲੋਂ ਸਾਂਝੀ ਕੀਤੀ ਗਈ।