ਵਾਲਸਾਲ/ਬਰਮਿਘਮ,ਸਤੰਬਰ 2019 - (ਗਿਆਨੀ ਰਵਿਦਾਰਪਾਲ ਸਿੰਘ )-
ਪੰਜਾਬੀ ਮੂਲ ਦੇ ਪਰਿਵਾਰ ਖਿਲਾਫ਼ ਨਸਲੀ ਟਿੱਪਣੀਆਂ ਨੂੰ ਲੈ ਕੇ ਬਰਤਾਨਵੀ ਪੁਲਿਸ ਨੇ ਗਵਾਹਾਂ ਨੂੰ ਸਾਹਮਣੇ ਆਉਣ ਤੇ ਇਸ ਸਬੰਧੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।ਇਹ ਘਟਨਾ ਇੰਗਲੈਂਡ ਦੇ ਵੈਸਟ ਮਿਡਲੈਂਡਸ ਦੇ ਇਕ ਨਗਰ 'ਚ ਉਦੋਂ ਵਾਪਰੀ ਜਦ ਪਰਿਵਾਰ ਸੜਕ ਹਾਦਸੇ 'ਚ ਮਾਰੀ ਗਈ ਕੁਲਵਿੰਦਰ ਕੌਰ ਨੂੰ ਸ਼ਰਧਾਂਜਲੀ ਦੇਣ ਘਟਨਾ ਵਾਲੀ ਥਾਂ 'ਤੇ ਪਹੁੰਚਿਆ ਪਰਿਵਾਰ। ਕੁਲਵਿੰਦਰ ਕੌਰ (52) ਦੀ ਮੌਤ ਪਿਛਲੇ ਹਫ਼ਤੇ ਉਦੋਂ ਹੋ ਗਈ ਸੀ ਜਦ ਵਾਲਸਾਲ ਸ਼ਹਿਰ 'ਚ ਕੈਵੇਂਡਿਸ਼ ਰੋਡ 'ਤੇ ਇਕ ਕਾਰ ਉਨ੍ਹਾਂ ਨੂੰ ਟੱਕਰ ਮਾਰ ਕੇ ਡਰਾਈਵਰ ਵਲੋਂ ਭਜਾ ਲਈ ਗਈ ਸੀ। ਵੈਸਟ ਮਿਡਲੈਂਡਸ ਪੁਲਿਸ ਨੇ 20 ਸਾਲਾ ਇਕ ਵਿਅਕਤੀ ਖਿਲਾਫ਼ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਤੇ ਇਸ ਨਾਲ ਘਟਨਾ 'ਚ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਦਰਜ ਕੀਤਾ ਹੈ। ਕੁਲਵਿੰਦਰ ਕੌਰ ਦਾ ਪਰਿਵਾਰ ਕੁਝ ਦਿਨ ਬਾਅਦ ਘਟਨਾ ਵਾਲੀ ਥਾਂ 'ਤੇ ਫਿਰ ਪਹੁੰਚਿਆ, ਜਿਸ ਨਾਲ ਕਿ ਉਹ ਸ਼ੁੱਭਚਿੰਤਕਾਂ ਵਲੋਂ ਉਨ੍ਹਾਂ ਦੇ ਅਜ਼ੀਜ਼ ਨੂੰ ਦਿੱਤੀ ਜਾਣ ਵਾਲੀ ਸ਼ਰਧਾਂਜਲੀ ਦੇ ਪੋ੍ਰਗਰਾਮ 'ਚ ਸ਼ਾਮਿਲ ਹੋ ਸਕਣ। ਇਸ ਦੌਰਾਨ ਉੱਥੋਂ ਲੰਘਦੇ ਇਕ ਰਾਹਗੀਰ ਨੇ ਉਨ੍ਹਾਂ 'ਤੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਗਾਲ ਕੱਢੀਆਂ।ਪੁਲਿਸ ਨੇ ਇਕ ਬਿਆਨ 'ਚ ਆਖਿਆ ਕਿ ਅਧਿਕਾਰੀ ਨਸਲੀ ਟਿੱਪਣੀਆਂ ਦੇ 'ਨਿੰਦਣਯੋਗ' ਅਪਰਾਧ ਦੀ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਇਸ ਅਪਰਾਧ ਨੂੰ ਹੁੰਦੇ ਦੇਖਿਆ ਹੈ ਤਾਂ ਉਹ ਸਾਹਮਣੇ ਆਵੇ ਅਤੇ ਇਸ ਬਾਰੇ ਜਾਣਕਾਰੀ ਦੇਵੇ ।