ਚੰੜੀਗੜ, ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਸਰਦਾਰ ਸੁਰਜੀਤ ਸਿੰਘ ਰੱਖੜਾ, ਸਰਦਾਰ ਪਰਮਿੰਦਰ ਸਿੰਘ ਢੀਂਡਸਾ,ਸਰਦਾਰ ਸੁੱਚਾ ਸਿੰਘ ਛੋਟੇਪੁਰ, ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਚਰਨਜੀਤ ਸਿੰਘ ਬਰਾੜ ਨੇ ਜਾਰੀ ਬਿਆਨ ਵਿੱਚ ਕਿਹਾ ਕਿ,ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੀਟਿੰਗ ਵਿੱਚ ਜਿਸ ਤਰੀਕੇ ਦਾ ਸਿੱਖ ਕੌਮ ਦੀਆਂ ਸਰਵਉੱਚ ਸੰਸਥਾਵਾਂ ਦੇ ਘਾਣ ਕਰਨ ਵਾਲਾ ਫੈਸਲਾ ਲਿਆ ਗਿਆ ਸੀ, ਇਸ ਫੈਸਲੇ ਦੇ ਖਿਲਾਫ ਦੇਸ਼ ਦੁਨੀਆਂ ਵਿੱਚ ਵਸਦੀ ਨਾਨਕ ਲੇਵਾ ਸੰਗਤ ਨੇ ਰੋਸ ਪ੍ਰਗਟ ਕਰਕੇ ਇਕਜੁਟਤਾ ਦਿਖਾਈ ਹੈ, ਉਸ ਤੋਂ ਬਾਅਦ ਸਾਜਿਸ਼ੀ ਟੋਲੇ ਦੇ ਚਿਹਰੇ ਨੰਗੇ ਹੋਏ ਹਨ।
ਸਮੁੱਚੀ ਲੀਡਰਸ਼ਿਪ ਨੇ ਸਿੱਖ ਕੌਮ ਦੇ ਮਹਾਨ ਤਖਤਾਂ ਦੀ ਅਜ਼ਮਤ ਨੂੰ ਠੇਸ ਪਹੁੰਚਾਉਣ ਵਾਲੇ ਫੈਸਲੇ ਦੇ ਖਿਲਾਫ ਡਟਣ ਵਾਲੀਆਂ ਜਥੇਬੰਦੀਆਂ, ਸੰਤ ਮਹਾ ਪੁੱਰਸਾਂ ਅਤੇ ਖ਼ਾਸ ਕਰ ਬਾਬਾ ਬਲਬੀਰ ਸਿੰਘ ਜੀ ਜਿੰਨਾਂ ਸਖ਼ਤ ਤੇ ਵੱਡਾ ਸਟੈਂਡ ਲਿਆ ਦਾ ਸਵਾਗਤ ਕੀਤਾ। ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ, ਮੌਜੂਦਾ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ, ਇਹ ਲੜਾਈ ਸਿਧਾਂਤਾ ਦੇ ਖਿਲਾਫ ਚੱਲਣ ਵਾਲੇ ਕੁਝ ਲੋਕਾਂ ਵਿਰੁੱਧ ਹੈ, ਜਿਹੜੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪ੍ਰਭੂਸੱਤਾ, ਸਰਵਉਚਤਾ ਅਤੇ ਸੰਕਪਲ ਨੂੰ ਢਹਿ ਢੇਰੀ ਕਰਨ ਤੇ ਤੁਲੇ ਹੋਏ ਹਨ।
ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਸਮੁੱਚੀ ਲੀਡਰਸਿੱਪ ਇਸ ਗਲਤ ਫੈਸਲੇ ਦੇ ਖਿਲਾਫ ਖੜਨ ਲਈ ਧੰਨਵਾਦ ਦੀ ਪਾਤਰ ਹੈ, ਸਿੱਖ ਸਿਧਾਂਤਾ ਦੀ ਪਹਿਰੇਦਾਰੀ ਕਰਨ ਵਾਲੇ ਲੋਕਾਂ ਨੂੰ ਅਨੁਸਾਸ਼ਨੀ ਕਾਰਵਾਈ ਦਾ ਡਰ ਦਿਖਾਕੇ ਆਪਣੇ ਕੀਤੇ ਗੁਨਾਹਾਂ ਨੂੰ ਲੁਕਾਇਆ ਛੁਪਾਇਆ ਨਹੀਂ ਜਾ ਸਕਦਾ। ਸਮੁੱਚਾ ਖਾਲਸਾ ਪੰਥ ਇਕਜੁਟਤਾ ਨਾਲ ਇਸ ਸਾਜਿਸ਼ ਨੂੰ ਪੂਰਾ ਨਹੀਂ ਹੋਣ ਦੇਵੇਗਾ।
ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਕਿ, ਅੱਜ ਇੱਕ ਮਹਿਲਾ ਦਾ ਸਰੀਰਕ ਸੋਸ਼ਣ ਕਰਨ ਵਾਲਾ ਆਗੂ ਜੱਥੇਦਾਰ ਸਾਹਿਬਾਨਾਂ ਦੀ ਤੁਲਨਾ ਅਬਦਾਲੀ ਨਾਲ ਕਰ ਰਿਹਾ ਹੈ। ਸਿੱਖ ਸਿਧਾਂਤਾ ਦੇ ਬਚਾਅ ਲਈ ਉਤਰੇ ਆਗੂਆਂ ਨੂੰ ਬੀਜੇਪੀ ਅਤੇ ਆਰਐੱਸਐੱਸ ਨਾਲ ਜੋੜ ਕੇ ਸਾਜਿਸ਼ੀ ਟੋਲਾ ਆਪਣੇ ਭਾੜੇ ਦੇ ਕਰਿੰਦਿਆਂ ਤੋਂ ਕਿਰਦਾਰਕੁਸ਼ੀ ਕਰਵਾ ਰਿਹਾ ਹੈ।
ਆਗੂਆਂ ਨੇ ਸਿੱਖ ਕੌਮ ਦੇ ਸਿਧਾਂਤ ਨੂੰ ਬਚਾਉਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਰਵਉਚਤਾ, ਪ੍ਰਭੂਸੱਤਾ ਅਤੇ ਸੰਕਲਪ ਨੂੰ ਬਚਾਉਣ ਅਤੇ ਚੁਣੌਤੀ ਦੇਣ ਵਾਲੇ ਲੋਕਾਂ ਖਿਲਾਫ ਡਟਣ ਵਾਲੇ ਆਗੂਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਇਹ ਕਾਫਲਾ ਵੱਡਾ ਹੋਵੇਗਾ।