ਹਠੂਰ, 09 ਮਾਰਚ (ਕੌਸ਼ਲ ਮੱਲ੍ਹਾ)-
ਪੰਜਾਬ ਦੀ ਨੌਜਵਾਨੀ 'ਚ ਵਿਦੇਸ਼ ਜਾਣ ਦੀ ਲੱਗੀ ਹੋੜ ਨੂੰ ਠੱਲ੍ਹਣ ਲਈ ਸਰਕਾਰ ਨੂੰ ਚਾਹੀਦਾ ਹੈ ਖੇਤੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਕਿੱਤਾ ਮੁੱਖੀ ਧੰਦਿਆਂ ਨਾਲ ਜੋੜਨ ਦੇ ਉਪਰਾਲੇ ਕਰਨੇ ਚਾਹੀਦੇ ਹਨ, ਜਿਸ ਵੱਧ ਰਹੀ ਬੇਰੁਜ਼ਗਾਰੀ ਨੂੰ ਵੀ ਰੋਕਿਆ ਜਾ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਪਿੰਡ ਮਾਣੂੰਕੇ ਵਿਖੇ ਪਸ਼ੂ ਪਾਲਕਾਂ ਲਈ ਰੱਖੇ ਇਕ ਪ੍ਰੋਗਰਾਮ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਨਵਦੀਪ ਸਿੰਘ ਕੋਠੇ ਬੱਗੂ, ਸਰਪੰਚ ਹਰਪ੍ਰੀਤ ਸਿੰਘ ਅਤੇ ਮੋਹਨ ਸਿੰਘ ਖੰਡੂਰ ਵੀ ਹਾਜ਼ਰ ਸਨ। ਸਾਬਕਾ ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ ਖੇਤੀ ਸਹਾਇਕ ਧੰਦੇ ਨਾਲ ਸਬੰਧਤ ਪਸ਼ੂ ਪਾਲਣ ਧੰਦਾ ਇਕ ਮੁਨਾਫੇ ਵਾਲਾ ਧੰਦਾ ਹੈ। ਅਜੋਕੇ ਸਮੇਂ 'ਚ ਦੁੱਧ ਦੀ ਪੈਦਾਵਾਰ ਬਹੁਤ ਘੱਟ ਹੈ ਅਤੇ ਖਪਤ ਜ਼ਿਆਦਾ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਪੇਂਡੂ ਖਿੱਤੇ ਵਿਚ ਪਸ਼ੂ ਪਾਲਕਾਂ ਦੀ ਗਿਣਤੀ ਕਾਫੀ ਘਟੀ ਹੈ। ਜਿਸ ਕਰਕੇ ਗਾਵਾਂ ਤੇ ਮੱਝਾਂ ਦੇ ਫਾਰਮ ਬਣਾਉਣ ਦੇ ਨਾਲ-ਨਾਲ ਹੁਣ ਬੱਕਰੀ ਪਾਲਣ ਧੰਦਾ ਕਾਫੀ ਪ੍ਰਚਲਿਤ ਹੁੰਦਾ ਜਾ ਰਿਹਾ ਹੈ ਅਤੇ ਬਹੁ-ਗਿਣਤੀ 'ਚ ਨੌਜਵਾਨ ਬੱਕਰੀ ਪਾਲਣ ਧੰਦੇ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੁਆਰਾ ਅਜਿਹੇ ਧੰਦਿਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਵਿਧਾਇਕ ਜੱਗਾ ਹਿੱਸੋਵਾਲ ਤੇ ਬਲਾਕ ਪ੍ਰਧਾਨ ਨਵਦੀਪ ਸਿੰਘ ਨੂੰ ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ ਤੇ ਬਲਦੇਵ ਸਿੰਘ ਮਾਣੂੰਕੇ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਮਾਣੂੰਕੇ,ਸਰਪੰਚ ਗੁਰਮੇਲ ਸਿੰਘ ਮੱਲ੍ਹਾ,ਬਿੱਟੂ ਸੰਧੂ ਮਾਣੂੰਕੇ,ਰਾਜ ਗਿੱਲ ਝੱਲੀ, ਸਰਪੰਚ ਨਿੱਪਾ ਹਠੂਰ, ਮੋਹਨ ਸਿੰਘ ਖੰਡੂਰ, ਬਲਦੇਵ ਸਿੰਘ ਮਾਣੂੰਕੇ, ਲਾਲੀ ਮਾਣੂੰਕੇ ,ਸਰਬਜੀਤ ਸਿੰਘ ਹਠੂਰ,ਸਤਨਾਮ ਸਿੰਘ ਸੱਤੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਾਬਕਾ ਵਿਧਾਇਕ ਜੱਗਾ ਹਿੱਸੋਵਾਲ ਤੇ ਬਲਾਕ ਪ੍ਰਧਾਨ ਨਵਦੀਪ ਸਿੰਘ ਨੂੰ ਸਨਮਾਨਿਤ ਕਰਦੇ ਸਰਪੰਚ ਹਰਪ੍ਰੀਤ ਸਿੰਘ ਨਾਲ ਹੋਰ।