ਲੁਧਿਆਣਾ, 4 ਅਗਸਤ, (ਕਰਨੈਲ ਸਿੰਘ ਐੱਮ.ਏ.)- ਭਗਤ ਪੂਰਨ ਸਿੰਘ ਜੀ ਦੀ 32ਵੀਂ ਬਰਸੀ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ:), ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਕੈਨੇਡਾ ਦੀ ਦੇਖ-ਰੇਖ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈੱਫ ਮਾਨਾਂਵਾਲਾ ਅਤੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਵੱਲੋਂ ਸਾਂਝੀ ਤੌਰ ਤੇ ਸੱਭਿਆਚਾਰਕ ਅਤੇ ਇਨਾਮ ਵੰਡ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਮਿਕ ਸ਼ਬਦ ਨਾਲ ਵਿਦਿਅਕ ਭਵਨ ਸ.ਸ.ਸ.ਸ. ਮਾਡਰਨ ਸਕੂਲ ਕੈਂਪਸ, ਬਟਾਲਾ ਰੋਡ, ਅੰਮ੍ਰਿਤਸਰ ਦੇ ਆਡੀਟੋਰੀਅਮ ਵਿੱਚ ਹੋਈ। ਇਸ ਮੌਕੇ ਉਚੇਚੇ ਤੌਰ ਤੇ ਗੈਸਟ ਆਫ਼ ਆਨਰ ਵਜੋਂ ਸ੍ਰ: ਜਤਿੰਦਰ ਸਿੰਘ ਬਰਾੜ, ਡਾਇਰੈਕਟਰ ਨਾਟਸ਼ਾਲਾ ਅੰਮ੍ਰਿਤਸਰ ਪੁੱਜੇ। ਇਸ ਮੌਕੇ ਪਿੰਗਲਵਾੜਾ ਸੰਸਥਾ ਅਧੀਨ ਮਾਨਾਂਵਾਲਾ ਬ੍ਰਾਂਚ ਅੰਦਰ ਚੱਲਦੇ ਸਕੂਲਾਂ ਅਤੇ ਇੰਸਟੀਚਿਊਟ ਆਫ਼ ਸਪੈਸ਼ਲ ਨੀਡਜ਼ ਦੇ ਵਿਦਿਆਰਥੀਆਂ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਉੱਪਰ, ਪਿੰਗਲਵਾੜਾ ਸੰਸਥਾ ਵਿੱਚ ਵਧੇ-ਪਲੇ ਬੱਚਿਆਂ ਆਦਿ ਦੇ ਜੀਵਨ ਦੀਆਂ ਪੇਸ਼ਕਾਰੀਆਂ ਦਿਖਾ ਕੇ ਆਡੀਟੋਰੀਅਮ ਵਿੱਚ ਬੈਠੇ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ। ਖਚਾਖਚ ਭਰੇ ਇਸ ਹਾਲ ਵਿੱਚ ਭਗਤ ਜੀ ਦੀ ਮਾਨਵਤਾ ਦੀ ਭਲਾਈ ਪ੍ਰਤੀ ਸੋਚ ਨੂੰ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਦਿਖਾ ਕੇ ਹਾਲ ਵਿੱਚ ਤਾੜੀਆਂ ਦੀ ਗੂੰਜ ਬਾਰ-ਬਾਰ ਗੂੰਜਦੀ ਰਹੀ।