You are here

ਆਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਾਥੀ ਭੁੱਖ ਹੜਤਾਲ 'ਤੇ

ਲੰਡਨ, 17 ਫ਼ਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ )ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦੀਆਂ ਧਾਰਾਵਾਂ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜੇ ਗਏ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 9 ਸਾਥੀਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਪਾਲ ਨੇ ਡਿਬਰੂਗੜ੍ਹ ਜੇਲ ਪ੍ਰਸ਼ਾਸਨ 'ਤੇ ਉਸ ਦੇ ਸੈੱਲ, ਪਖਾਨੇ ਅਤੇ ਬਾਥਰੂਮਾਂ ਵਿਚ ਜਾਸੂਸੀ ਕੈਮਰੇ ਅਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਦੋਸ਼ ਲਗਾਇਆ ਹੈ। ਇਹ ਜਾਣਕਾਰੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦਿੱਤੀ।  ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਸੀਸੀਟੀਵੀ ਕੈਮਰੇ ਉਤਾਰ ਕੇ ਆਪਣੇ ਕੋਲ ਰੱਖ ਲਏ ਹਨ। ਜੇਲ੍ਹ ਪ੍ਰਸ਼ਾਸਨ ਉਨ੍ਹਾਂ ਤੋਂ ਕੈਮਰੇ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਸਨੇ ਕਿਹਾ ਹੈ ਕਿ ਉਸਦੀ ਜਾਨ ਨੂੰ ਖਤਰਾ ਹੈ ਅਤੇ ਮੰਗ ਕੀਤੀ ਹੈ ਕਿ ਉਸਨੂੰ ਅਤੇ ਉਸਦੇ ਹੋਰ ਸਾਥੀਆਂ ਨੂੰ ਦੇਸ਼ ਦੀ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ।  ਦੂਜੇ ਪਾਸੇ ਅਸਾਮ ਦੇ ਡੀਜੀਪੀ ਜੇਪੀ ਸਿੰਘ ਨੇ ਵੀ ਐਨਐਸਏ ਸੈੱਲ ਵਿੱਚ ਜਾਸੂਸੀ ਕੈਮਰੇ ਲਾਉਣ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਡੀਜੀਪੀ ਅਸਾਮ ਦਾ ਕਹਿਣਾ ਹੈ ਕਿ ਐਨਐਸਏ ਸੈੱਲ ਵਿੱਚ ਅਣਅਧਿਕਾਰਤ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉੱਥੇ ਸੀਸੀਟੀਵੀ ਕੈਮਰੇ ਲਗਾਏ ਗਏ। ਡੀਜੀਪੀ ਨੇ ਦੱਸਿਆ ਕਿ ਐਨਐਸਏ ਸੈੱਲ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸਿਮ ਵਾਲਾ ਸਮਾਰਟਫੋਨ, ਕੀਪੈਡ ਫੋਨ, ਕੀਬੋਰਡ ਵਾਲਾ ਟੀਵੀ ਰਿਮੋਟ, ਪੈੱਨ ਡਰਾਈਵ, ਬਲੂਟੁੱਥ ਹੈੱਡਫੋਨ ਅਤੇ ਸਪੀਕਰ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ, ਇੱਕ ਸਮਾਰਟ ਵਾਚ ਅਤੇ ਜਾਸੂਸੀ-ਕੈਮ ਪੈੱਨ ਵੀ ਉਪਲਬਧ ਹੈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।