ਲੁਧਿਆਣਾ, 07 ਦਸੰਬਰ(ਟੀ. ਕੇ.) ਪੀ ਏ ਯੂ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਵੱਖ-ਵੱਖ ਕਿਸਮਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਦੋ ਰੋਜ਼ਾ ਗੁਲਦਾਉਦੀ ਸ਼ੋਅ ਅੱਜ ਸ਼ੁਰੂ ਹੋਇਆ। ਇਸ ਸ਼ੋਅ ਨੂੰ ਪੀ.ਏ.ਯੂ. ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਅਤੇ ਅਸਟੇਟ ਆਰਗੇਨਾਈਜ਼ੇਸ਼ਨ ਵਲੋਂ ਸਾਂਝੇ ਤੌਰ `ਤੇ ਕਰਾਇਆ ਜਾ ਰਿਹਾ ਹੈ। ਇਹ ਸ਼ੋਅ ਆਧੁਨਿਕ ਪੰਜਾਬੀ ਕਵਿਤਾ ਦੇ ਉੱਘੇ ਪੰਜਾਬੀ ਕਵੀ ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਹੈ ।
ਇਸ ਸ਼ੋਅ ਦੇ ਮੁੱਖ ਮਹਿਮਾਨ ਪੀ ਏ ਯੂ ਵਿਚ ਫਲੋਰੀਕਲਚਰ ਦੇ ਸਾਬਕਾ ਪ੍ਰੋਫੈਸਰ ਅਤੇ ਰਾਸ਼ਟਰੀ ਪੱਧਰ ਤੇ ਫਲੋਰੀਕਲਚਰ ਦੇ ਸਲਾਹਕਾਰ ਡਾ ਏ ਪੀ ਐਸ ਗਿੱਲ ਸਨ। ਉਨ੍ਹਾਂ ਨੇ ਗੁਲਦਾਉਦੀ ਦੀਆਂ ਏਨੀਆਂ ਕਿਸਮਾਂ ਦਾ ਮੇਲਾ ਲਾਉਣ ਲਈ ਪੀ ਏ ਯੂ ਦੀ ਪ੍ਰਸ਼ੰਸਾ ਕਰਦਿਆਂ ਫੁੱਲਾਂ ਦੀ ਖੇਤੀ ਸੰਬੰਧੀ ਯੂਨੀਵਰਸਿਟੀਆਂ ਵਲੋਂ ਕੀਤੀਆਂ ਜਾ ਰਹੀਆਂ ਖੋਜਾਂ ਪ੍ਰਤੀ ਤਸੱਲੀ ਪ੍ਰਗਟਾਈ।
ਇਸ ਸ਼ੋਅ ਦੀ ਪ੍ਰਧਾਨਗੀ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸੁਹਜ ਅਤੇ ਸਹਿਜ ਮਨੁੱਖੀ ਹੋਂਦ ਫੁੱਲਾਂ ਨਾਲ ਜੁੜੀ ਰਹਿੰਦੀ ਹੈ। ਉਨ੍ਹਾਂ ਨੇ ਮਨੁੱਖ ਦੀਆਂ ਭਾਵਨਾਵਾਂ ਤੇ ਕੁਦਰਤ ਦੇ ਆਪਸੀ ਜੁੜਾਵ ਦੀ ਗੱਲ ਕੀਤੀ ਤੇ ਅਜੋਕੇ ਤਣਾਅ ਭਰੇ ਮਾਹੌਲ ਵਿਚ ਫੁੱਲਾਂ ਰਾਹੀਂ ਸੁੰਦਰਤਾ ਮਾਨਣ ਅਤੇ ਤਣਾਅ ਤੋਂ ਮੁਕਤੀ ਦਾ ਰਾਹ ਸੁਝਾਇਆ। ਡਾ ਗੋਸਲ ਨੇ ਕਿਹਾ ਕਿ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਕੁਦਰਤ ਪ੍ਰੇਮੀ ਭਾਈ ਵੀਰ ਸਿੰਘ ਜੀ ਨੇ ਕੁਦਰਤ ਨੂੰ ਆਪਣੀ ਕਾਵਿਕਾਰੀ ਦਾ ਮਾਧਿਅਮ ਬਣਾਇਆ ਤੇ ਗੁਲਦਾਉਦੀ ਦੇ ਫੁੱਲਾਂ ਬਾਰੇ ਜੀਵੰਤ ਕਵਿਤਾ ਲਿਖੀ।
ਵਾਈਸ ਚਾਂਸਲਰ ਨੇ ਕਿਹਾ ਕਿ ਫੁੱਲਾਂ ਬਾਰੇ ਸਿਰਫ ਕਵਿਤਾਵਾਂ ਪੜ੍ਹਨੀਆਂ ਹੀ ਲਾਜ਼ਮੀ ਨਹੀਂ ਬਲਕਿ ਫੁੱਲਾਂ ਨੂੰ ਆਪਣੇ ਘਰਾਂ, ਵਿਹੜਿਆਂ ਅਤੇ ਖੇਤਾਂ ਵਿਚ ਲਾਉਣਾ ਸੁੰਦਰਤਾ ਨੂੰ ਪ੍ਰਸਾਰਿਤ ਕਰਨਾ ਹੈ। ਡਾ. ਗੋਸਲ ਨੇ ਕਿਹਾ ਕਿ ਇਸ ਸ਼ੋਅ ਨਾਲ ਭਾਈ ਵੀਰ ਸਿੰਘ ਦਾ ਨਾਮ ਜੋੜ ਕੇ ਯੂਨੀਵਰਸਿਟੀ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਆਪਣੀ ਵਿਰਾਸਤ ਨੂੰ ਕਾਇਮ ਰੱਖਿਆ ਹੋਇਆ ਹੈ। ਨਾਲ ਹੀ ਉਨ੍ਹਾਂ ਨੇ ਵਪਾਰਕ ਫੁੱਲਾਂ ਦੀ ਖੇਤੀ ਰਾਹੀਂ ਮੁਨਾਫੇ ਬਾਰੇ ਪੀ ਏ ਯੂ ਦੀਆਂ ਸਿਫਾਰਿਸ਼ਾਂ ਉੱਪਰ ਅਮਲ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ । ਉਹਨਾਂ ਕਿਹਾ ਕਿ ਇਹ ਫ਼ਸਲੀ ਵਿਭਿੰਨਤਾ ਲਈ ਇੱਕ ਵਿਹਾਰਕ ਬਦਲ ਵੀ ਹੈ।
ਡਾ. ਗੋਸਲ ਨੇ ਕਿਹਾ ਕਿ ਉਹ ਏਨੇ ਰੰਗਾਂ, ਵੰਨਾਂ ਅਤੇ ਕਿਸਮਾਂ ਦੀਆਂ ਗੁਲਦਾਉਦੀ ਦੀਆਂ ਕਿਸਮਾਂ ਦੇਖ ਕੇ ਬੜੇ ਪ੍ਰਸੰਨ ਹੋਏ ਹਨ। ਉਨ੍ਹਾਂ ਨੇ ਸ਼ਹਿਰ ਦੇ ਨਾਲ ਨਾਲ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਤੇ ਫੁੱਲਾਂ ਦੇ ਇਸ ਮੇਲੇ ਤੋਂ ਸੁੰਦਰਤਾ ਅਤੇ ਸੁਹਜ ਦਾ ਸੁਨੇਹਾ ਆਪਣੇ ਨਾਲ ਲੈ ਕੇ ਜਾਣ।
ਭਿੰਨ-ਭਿੰਨ ਰੰਗਾਂ ਵਿੱਚ ਗੁਲਦਾਉਦੀ ਦੀਆਂ ਕਈ ਕਿਸਮਾਂ ਨੇ ਦਰਸ਼ਕਾਂ ਦੀਆਂ ਅੱਖਾਂ ਨੂੰ ਮੋਹ ਲਿਆ । ਸ਼ੋਅ ਦੌਰਾਨ ਵੱਖ ਵੱਖ ਗੁਲਦਸਤਿਆਂ ਵਿੱਚ ਸਜੀਆਂ ਕਿਸਮਾਂ ਵਿਲੱਖਣ ਨਜ਼ਾਰਾ ਪੇਸ਼ ਕਰ ਰਹੀਆਂ ਸਨ ।
ਸ਼ੋਅ ਦੇ ਕੁਆਰਡੀਨੇਟਰ ਅਤੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਪੀ.ਏ.ਯੂ.ਕੋਲ ਗੁਲਦਾਉਦੀ ਦੀਆਂ 200 ਦੇ ਕਰੀਬ ਕਿਸਮਾਂ ਦਾ ਜਰਮਪਲਾਜ਼ਮ ਹੈ, ਹੁਣ ਤਕ ਵਿਭਾਗ ਨੇ 17 ਕਿਸਮਾਂ ਦਾ ਵਿਕਾਸ ਕੀਤਾ ਸੀ। ਇਸ ਵਰ੍ਹੇ ਗੁਲਦਾਉਦੀ ਦੀਆਂ 19 ਨਵੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ । ਪੰਜਾਬ ਵਿੱਚ ਆਮ ਖੇਤੀ ਅਤੇ ਗਮਲਿਆਂ ਲਈ ਜਾਰੀ ਕੀਤੀਆਂ ਗਈਆਂ ਕਿਸਮਾਂ ਸ਼ਾਮਿਲ ਹਨ। ਵਿਭਾਗ ਇਸ ਫੁੱਲ ਬਾਰੇ ਖੋਜ ਕਰਨ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦਾ ਪ੍ਰਮੁੱਖ ਕੇਂਦਰ ਹੈ। ਉਨ੍ਹਾਂ ਕਿਹਾ ਕਿ ਇਸ ਸ਼ੋਅ ਦਾ ਮੁੱਖ ਉਦੇਸ਼ ਲੋਕਾਂ ਨੂੰ ਲੈਂਡਸਕੇਪ ਦੀ ਵਰਤੋਂ ਅਤੇ ਵਪਾਰਕ ਖੇਤੀ ਲਈ ਗੁਲਦਾਉਦੀ ਦੇ ਫੁੱਲ ਉਗਾਉਣ ਲਈ ਪ੍ਰੇਰਿਤ ਕਰਨਾ ਹੈ।
ਇਸ ਸ਼ੋਅ ਦੇ ਇੰਚਾਰਜ ਡਾ ਸਿਮਰਤ ਸਿੰਘ ਨੇ ਦੱਸਿਆ ਕਿ ਵੱਖ ਵੱਖ ਵਰਗਾਂ ਵਿਚ 4 ਹਜ਼ਾਰ ਤੋਂ ਵਧੇਰੇ ਗਮਲੇ ਪ੍ਰਦਰਸ਼ਿਤ ਹੋਏ ਹਨ।ਉਨ੍ਹਾਂ ਕਿਹਾ ਕਿ ਇਸ ਸ਼ੋਅ ਦੌਰਾਨ ਨਿੱਜੀ ਵਿਅਕਤੀਆਂ ਅਤੇ ਸੰਸਥਾਵਾਂ ਲਈ ਗੁਲਦਸਤੇ ਦਾ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ। ਇਨਾਮ ਵੰਡ ਸਮਾਰੋਹ 7 ਦਸੰਬਰ ਨੂੰ ਆਯੋਜਿਤ ਕੀਤਾ ਜਾਵੇਗਾ।
ਕੈਂਪਸ ਦੇ ਅੰਦਰ ਅਤੇ ਬਾਹਰੋਂ ਵੱਡੀ ਗਿਣਤੀ ਵਿੱਚ ਲੋਕ ਸ਼ੋਅ ਨੂੰ ਦੇਖਣ ਲਈ ਪਹੁੰਚੇ। ਇਹ ਸ਼ੋਅ 7 ਦਸੰਬਰ ਤੱਕ ਦਰਸ਼ਕਾਂ ਲਈ ਖੁੱਲ੍ਹਾ ਰਹੇਗਾ। ਸੈਲਾਨੀਆਂ ਲਈ ਗੁਲਦਾਉਦੀ ਦੀਆਂ ਅਨੇਕ ਰੰਗਾਂ ਵਾਲੀਆਂ ਕਿਸਮਾਂ ਸ਼ੋਅ ਦਾ ਮੁੱਖ ਆਕਰਸ਼ਣ ਹਨ।
ਇਸ ਮੌਕੇ ਪੀ ਏ ਯੂ ਦੇ ਕਾਲਜਾਂ ਦੇ ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ , ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਮੌਜੂਦ ਸਨ।