You are here

ਪੰਜਾਬ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦਾ ਗੰਨੇ ਦਾ ਬਕਾਇਆ 27 ਕਰੋੜ ਰੁਪਏ ਜਾਰੀ

ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਸੋਨੀ ਗਾਲਿਬ

ਲੁਧਿਆਣਾ, ਸਤੰਬਰ 2019-(ਮਨਜਿੰਦਰ ਗਿੱਲ)-

ਅੱਜ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵਿੱਖੇ ਪਿੜ੍ਹਾਈ ਸੀਜਨ 2017-18 ਅਤੇ ਸੀਜਨ 2018-19 ਦੀ ਬਕਾਇਆ ਰਹਿੰਦੀ ਰਾਸ਼ੀ 27 ਕਰੋੜ ਰੁਪਏ ਦੇ ਚੈਕ ਗੰਨਾ ਕਾਸਤਕਾਰਾਂ ਨੂੰ ਵੰਡਣ ਲਈ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਰਨਜੀਤ ਸਿੰਘ ਸੋਨੀ ਗਾਲਿਬ, ਜਿਲ੍ਹਾ ਪ੍ਰਧਾਨ, ਲੁਧਿਆਣਾ(ਦਿਹਾਤੀ) ਵੱਲੋਂ ਕੀਤੀ ਗਈ ਅਤੇ ਉਹਨਾਂ ਨੇ ਮੌਕੇ 'ਤੇ ਹੀ ਦਾਖਾ ਹਲਕੇ ਦੇ 23 ਕਿਸਾਨਾਂ ਦਾ 65 ਲੱਖ ਰੁਪਏ ਦੇ ਚੈਕ ਤਕਸੀਮ ਕੀਤੇ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਜਿਮੀਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਿਰਤੋੜ ਯਤਨ ਕਰ ਰਹੀ  ਹੈ। ਉਹਨਾਂ ਜਿਮੀਦਾਰਾਂ ਅਤੇ ਮਿੱਲ ਮੁਲਾਜਮਾਂ ਨੂੰ ਜੋਰ ਦਿੰਦੇ ਹੋਏ ਕਿਹਾ ਕਿ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਦੀਆਂ ਪਿਛਲੀਆਂ ਸਟੇਟ ਲੈਵਲ ਅਤੇ ਨੈਸਨਲ ਲੈਵਲ ਦੀਆਂ ਜੋ ਪ੍ਰਾਪਤੀਆਂ ਕੀਤੀਆਂ ਹਨ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਮਿੱਲ ਦੀ ਪਿੜ੍ਹਾਈ ਲਈ ਗੰਨੇ ਦੀ ਵੱਧ ਤੋਂ ਵੱਧ ਬਿਜਾਈ ਕੀਤੀ ਜਾਵੇ ਤਾਂ ਜੋ ਮਿੱਲ ਆਪਣੀ ਸਮਰੱਥਾ ਅਨੁਸਾਰ ਪਿੜ੍ਹਾਈ ਲਈ ਗੰਨਾ ਪੈਦਾ ਕਰ ਸਕੇ। ਸਮਾਗਮ ਨੂੰ ਸੰਬੋਧਨ ਕਰਦਿਆ ਗਾਲਿਬ ਨੇ ਦੱਸਿਆ ਕਿ ਇੰਨ-ਸੀਟੂ ਮੈਨੇਜਮੈਂਟ ਆਫ ਕਰਾਪ ਰੈਜਿਡੀਊ ਸਕੀਮ 2019 ਤਹਿਤ ਕਿਸਾਨਾਂ ਨੂੰ ਖੇਤੀਬਾੜੀ ਲਈ ਸਬਸਿਡੀ 'ਤੇ ਮਸ਼ੀਨਰੀ ਮੁਹੱਈਆ ਕਰਵਾਈ ਜਾਣੀ ਹੈ। ਉਹਨਾਂ ਦੱਸਿਆ ਕਿ ਇਸ ਸਾਲ ਪ੍ਰਮੁੱਖ ਤੌਰ 'ਤੇ ਵਿਅਕਤੀਗਤ ਕਿਸਾਨਾਂ ਨੂੰ ਹੈਪੀ ਸੀਡਰ, ਰਿਵਰਸੀਬਲ ਹਾਈਡਰੌਲਿਕ ਐਮ.ਬੀ.ਪਲਾਓ, ਪੈਡੀ ਸਟਰਾਅ ਮਲਚਰ/ਚੌਪਰ, ਜ਼ੀਰੋ ਟਿੱਲ ਡਰਿੱਲ ਅਤੇ ਕੰਬਾਈਨਾਂ 'ਤੇ ਲੱਗਣ ਵਾਲੇ ਸੁਪਰ ਐਸ.ਐਮ.ਐਸ ਉੱਪਰ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ ਅਤੇ ਕਿਸਾਨ ਗਰੁੱਪ ਬਣਾ ਕੇ ਮਸ਼ੀਨਰੀ ਲੈਣ ਵਾਲੇ 210 ਅਜਿਹੇ ਗਰੁੱਪਾਂ ਨੂੰ 80 ਫੀਸਦੀ ਦੀ ਦਰ ਨਾਲ ਸਬਸਿਡੀ ਦੀ ਅਦਾਇਗੀ ਕੀਤੀ ਜਾਣੀ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਲਾਭਪਾਤਰੀਆਂ ਨੂੰ ਮਸ਼ੀਨਰੀ ਖ੍ਰੀਦਣ ਲਈ ਪ੍ਰਵਾਨਗੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸਬਸਿਡੀ ਦੀ ਅਦਾਇਗੀ ਦਾ ਕੰਮ ਵੀ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।ਇਸੇ ਸਕੀਮ ਤਹਿਤ ਪਿਛਲੇ ਸਾਲ ਵੀ ਖੇਤੀਬਾੜੀ ਵਿਭਾਗ ਅਤੇ ਸਹਿਕਾਰੀ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਜ਼ਿਲ੍ਹਾ ਲੁਧਿਆਣਾ ਦੇ ਕਿਸਾਨਾਂ/ ਸਹਿਕਾਰੀ ਸਭਾਵਾਂ ਨੂੰ ਤਕਰੀਬਨ 2623 ਮਸ਼ੀਨਾਂ ਉੱਪਰ 23.68 ਕਰੋੜ ਦੀ ਸਬਸਿਡੀ ਸਰਕਾਰ ਵੱਲੋਂ ਦਿੱਤੀ ਗਈ ਸੀ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਐਸ.ਕੇ.ਕੁਰੀਲ ਨੇ ਸਮਾਗਮ ਨੂੰ ਸੰਬ ੱਧਨ ਕਰਦਿਆ ਦੱਸਿਆ ਕਿ ਪਿੜਾਈ ਸੀਜ਼ਨ ਸਾਲ 2017-18 ਅਤੇ ਸਾਲ 2018-19 ਦੀ ਬੁੱਢੇਵਾਲ ਖੰਡ ਮਿੱਲ ਨਾਲ ਸੰਬੰਧਤ ਬਕਾਇਆ ਰਾਸ਼ੀ ਦਾ 100 ਪ੍ਰਤੀਸ਼ਤ ਭੁਗਤਾਨ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਚੁੱਕਾ ਹੈ ਅਤੇ ਮਿੱਲ ਵੱਲੋਂ ਕਿਸਾਨਾਂ ਦੀ ਬਕਾਇਆ ਰਾਸ਼ੀ ਦੇ ਚੈਕ ਦਿੱਤੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਬੀਰਮੀ, ਆਨੰਦ ਸਰੂਪ ਮੋਹੀ, ਕਰਨ ਬੜਿੰਗ, ਵਾਈਸ ਚੇਅਰਮੈਨ (P541), ਗੁਰਦੀਪ ਸਿੰਘ ਚੱਕ, (ਪੀ.ਏ ਰਵਨੀਤ ਬਿੱਟੂ) ਮਨਜੀਤ ਸਿੰਘ ਭਰੋਵਾਲ ਅਤੇ ਈਸ਼ਵਰਜੋਤ ਸਿੰਘ ਚੀਮਾਂ, ਮਿੱਲ ਦੇ ਸਮੂਹ ਅਧਿਕਾਰੀ, ਕਰਮਚਾਰੀ ਅਤੇ ਇਲਾਕੇ ਦੇ ਗੰਨਾ ਕਾਸ਼ਤਕਾਰ ਉਚੇਚੇ ਤੌਰ ਤੇ ਹਾਜ਼ਰ ਸਨ।