ਗੁਰਬਾਣੀ ਮਨੁੱਖ ਦੀਆਂ ਅਧਿਆਤਮਕ ਮੰਜ਼ਿਲਾਂ ਉੱਪਰ ਪਹੁੰਚਾਉਣ ਲਈ ਰਾਹ-ਦਸੇਰੀ ਬਣਦੀ ਹੈ- ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ 23 ਜੂਨ ( ਕਰਨੈਲ ਸਿੰਘ ਐੱਮ.ਏ. ) ਵਕਤ ਦੇ ਹਾਲਾਤਾਂ ਅਤੇ ਭਵਿੱਖ ਦੀਆਂ ਚਣੌਤੀਆਂ ਨਾਲ ਨਜਿੱਠਣ ਅਤੇ ਕੌਮੀ ਫਰਜ਼ਾਂ ਲਈ ਜੀਵਨ ਲੇਖੇ ਲਾਉਣ ਵਾਲੀ ਸਿੱਖ ਸ਼ਖਸ਼ੀਅਤ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਦੇ ਜਾਨਸ਼ੀਨ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ ਮੌਜੂਦਾ ਮੁਖੀ ਜਵੱਦੀ ਟਕਸਾਲ ਵੱਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਇਆ। ਜਿਸ ਵਿੱਚ ਮਹਾਂਪੁਰਸ਼ਾਂ ਨੇ ਸੰਗਤਾਂ ਦੇ ਰੂ-ਬ-ਰੂ ਗੁਰਬਾਣੀ ਨਾਮ ਸਿਮਰਨ ਕਰਵਾਇਆ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਫੁਰਮਾਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਬਾਣੀ ਸਿੱਖ ਧਰਮ ਦਰਸ਼ਨ ਦਾ ਮੂਲ ਆਧਾਰ ਹੈ। ਗੁਰਬਾਣੀ ਦਾ ਕੇਂਦਰੀ ਸਰੋਕਾਰ ਅਧਿਆਤਮਕ ਵਿਚਾਰਧਾਰਾ ਦੇ ਨਿਰੂਪਣ ਨਾਲ ਸੰਬੰਧਿਤ ਹੈ। ਦਾਰਸ਼ਨਿਕ ਸੰਕਲਪਾਂ ਦੇ ਅਭਿਵਿਅੰਜਨ ਰਾਹੀਂ ਬ੍ਰਹਮ ਨਾਲ ਇਕਸੁਰ ਹੋ ਕੇ ਮੁਕਤੀ ਪ੍ਰਾਪਤ ਕਰਨ ਦੇ ਵਿਧੀ-ਵਿਧਾਨ ਨੂੰ ਅਭਿਵਿਅਕਤ ਕੀਤਾ ਹੈ। ਬਾਬਾ ਜੀ ਨੇ ਜ਼ੋਰ ਦਿੰਦਿਆਂ ਫੁਰਮਾਇਆ ਕਿ ਗੁਰਬਾਣੀ ਮਨੁੱਖ ਦੇ ਅਧਿਆਤਮਿਕ ਵਿਕਾਸ ਦੀ ਅਭਿਵਿਅਕਤੀ ਕਰਦਿਆਂ, ਉਸ ਨੂੰ ਉਚੇਰੀਆਂ ਅਧਿਆਤਮਕ ਮੰਜ਼ਿਲਾਂ ਉੱਪਰ ਪਹੁੰਚਾਉਣ ਲਈ ਰਾਹ-ਦਸੇਰੀ ਬਣਦੀ ਹੈ। ਅਧਿਆਤਮਕ ਚਿੰਤਨ ਦੇ ਸਮਾਨਾਂਤਰ ਮਾਨਵੀ ਜੀਵਨ ਨਾਲ ਸੰਬੰਧਿਤ ਸਰੋਕਾਰਾਂ ਨਾਲ ਜੋੜਨ ਦੀ ਪ੍ਰਕਿਰਤੀ ਵੀ ਗੁਰਬਾਣੀ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਇਸ ਤੋਂ ਪਹਿਲਾਂ ਜਵੱਦੀ ਟਕਸਾਲ ਦੇ ਹੋਣਹਾਰ ਸਿੱਖਿਆਰਥੀਆਂ ਨੇ ਰਸ-ਭਿੰਨਾ ਕੀਰਤਨ ਕਰਦਿਆਂ ਉਸਤਾਦ ਸਹਿਬਾਨਾਂ ਤੋਂ ਪ੍ਰਾਪਤ ਹੁੰਦੇ ਗਿਆਨ ਅਤੇ ਗੁਰਮਤਿ ਸੰਗੀਤ ਦੇ ਨਿਰੰਤਰ ਕੀਤੇ ਜਾਂਦੇ ਅਭਿਆਸ ਦਾ ਨਤੀਜਾ ਪੇਸ਼ ਕੀਤਾ। ਜੁੜੀਆਂ ਸੰਗਤਾਂ ਨੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦਾ ਲਾਹਾ ਪ੍ਰਾਪਤ ਕੀਤਾ। ਲੰਘੀ ਰਾਤ ਅਨੰਦ ਕੀਰਤਨ ਕੌਂਸਲ ਲੁਧਿਆਣਾ ਵੱਲੋਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ‘ਚ ਭਾਈ ਦਿਲਬਾਗ ਸਿੰਘ ਗੁਰੂ ਕੀ ਕਾਸ਼ੀ ਵਾਲੇ, ਭਾਈ ਈਸ਼ਵਰ ਸਿੰਘ ਲੁਧਿਆਣਾ, ਭਾਈ ਵਰਿੰਦਰ ਸਿੰਘ ਲੁਧਿਆਣਾ, ਭਾਈ ਮੰਗਲ ਸਿੰਘ ਮੰਡਿਆਣੀ, ਭਾਈ ਗੁਰਵਿੰਦਰ ਸਿੰਘ ਅੰਮ੍ਰਿਤਸਰ ਵਾਲੇ ਆਦਿ ਕੀਰਤਨੀ ਜੱਥਿਆਂ ਨੇ ਗੁਰਬਾਣੀ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।