ਪੈਰਿਸ, ਸਤੰਬਰ 2019-
ਪੈਰਿਸ ਅਤੇ ਫਰਾਂਸ ਦੇ ਚਾਰ ਹੋਰ ਸ਼ਹਿਰਾਂ ਨੇ ਰਸਾਇਣ ਵਿਰੋਧੀ ਅੰਦੋਲਨ ਤਹਿਤ ਅੱਜ ਆਪਣੀਆਂ ਹੱਦਾਂ ਅੰਦਰ ਕੀਟਨਸ਼ਕਾਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਅੰਦੋਲਨ ਪਿੰਡਾਂ ’ਚ ਸ਼ੁਰੂ ਹੋਇਆ ਸੀ ਅਤੇ ਹੁਣ ਰਫ਼ਤਾਰ ਫੜ ਰਿਹਾ ਹੈ। ਪੈਰਿਸ ਦੇ ਨਾਲ ਉੱਤਰੀ ਸ਼ਹਿਰ ਲਿਲੀ, ਪੱਛਮ ’ਚ ਸਥਿਤ ਸ਼ਹਿਰ ਨੈਨਟਿਸ, ਦੱਖਣ-ਪੂਰਬੀ ਸ਼ਹਿਰ ਗ੍ਰੇਨੋਬਲ ਅਤੇ ਕੇਂਦਰੀ ਸ਼ਹਿਰ ਕਲੈਰਮੌਂਟ-ਫੇਰਾਂਡ ਨੇ ਜੈਵਿਨ ਵੰਨ-ਸੁਵੰਨਤਾ ਅਤੇ ਲੋਕਾਂ ਦੀ ਸਿਹਤ ਦਾ ਹਵਾਲਾ ਦਿੰਦਿਆਂ ਇਹ ਪਾਬੰਦੀ ਲਾਗੂ ਕਰ ਦਿੱਤੀ ਹੈ। ਸ਼ਹਿਰੀ ਇਲਾਕਿਆਂ ਵਿੱਚ ਪਹਿਲਾਂ ਹੀ ਪਾਰਕਾਂ ਤੇ ਹੋਰਨਾਂ ਹਰਿਆਲੀ ਵਾਲੀਆਂ ਥਾਵਾਂ ’ਤੇ ਰਸਾਇਣਾਂ ਦੇ ਛਿੜਕਾਅ ’ਤੇ ਪਾਬੰਦੀ ਹੈ। ਜਨਵਰੀ ਮਹੀਨੇ ਤੋਂ ਘਰਾਂ ਵਿਚਲੀਆਂ ਬਗੀਚੀਆਂ ਵਿੱਚ ਵੀ ਕੀਟਨਾਸ਼ਕਾਂ ਦੇ ਛਿੜਕਾਅ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉਨ੍ਹਾਂ ਨੂੰ ਸਿਰਫ਼ ਕੁਦਰਤੀ ਤੌਰ ’ਤੇ ਤਿਆਰ ਕੀਤੇ ਕੀਟਨਾਸ਼ਕਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਹੈ।