ਤਲਵੰਡੀ ਸਾਬੋ, 05 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਅੱਜ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ ਬਜਟ ਖੋਖਲਾ ਅਤੇ ਪੂਰੀ ਤਰ੍ਹਾਂ ਦਿਸ਼ਾਹੀਨ ਹੈ। ਬਜਟ 'ਚ ਜਿੱਥੇ ਸੂਬੇ ਦੇ ਕਿਸੇ ਵੀ ਵਰਗ ਨੂੰ ਕੋਈ ਰਿਆਇਤ ਨਹੀ ਦਿੱਤੀ ਗਈ ਉੱਥੇ ਪਿਛਲੇ ਦੋ ਸਾਲਾਂ 'ਚ ਸਰਕਾਰ ਵੱਲੋਂ ਚੁੱਕੇ ਭਾਰੀ ਕਰਜ਼ ਨੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ‘ਆਪ’ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਉੇਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ। ਸਿੱਧੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੀ ਆਮਦ ਮੌਕੇ ਪੇਸ਼ ਪੰਜਾਬ ਸਰਕਾਰ ਦੇ ਬਜਟ ਤੋਂ ਆਮ ਲੋਕਾਂ ਨੂੰ ਭਾਰੀ ਆਸਾਂ ਸਨ, ਸਭ ਤੋਂ ਵੱਧ ਉਮੀਦ ਸੂਬੇ ਦੀਆਂ ਲੱਖਾਂ ਔਰਤਾਂ ਨੂੰ ਸੀ ਜਿੰਨਾਂ ਨੂੰ ਇੱਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣ ਦੇ ਵਾਇਦੇ ਨਾਲ ਵਿਧਾਨ ਸਭਾ ਚੋਣਾਂ 'ਚ ‘ਆਪ’ ਨੇ ਵੋਟਾਂ ਹਾਸਿਲ ਕਰ ਸਰਕਾਰ ਬਣਾਈ ਪਰ ਹੁਣ ਉਕਤ ਰਾਸ਼ੀ ਦੇਣ ਸਬੰਧੀ ਬਜਟ 'ਚ ਕੋਈ ਜਿਕਰ ਨਹੀ ਕੀਤਾ ਗਿਆ ਜੋ ਨਿੰਦਣਯੋਗ ਹੈ। ਉਨਾਂ ਕਿਹਾ ਕਿ ਬੁਢਾਪਾ ਅਤੇ ਵਿਧਵਾ ਪੈਨਸ਼ਨ 'ਚ ਕੋਈ ਵਾਧਾ ਨਾ ਕਰਨਾ ਵੀ ਨਿਰਾਸ਼ਾਜਨਕ ਹੈ ਅਤੇ ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਸਮੇਤ ਹਰ ਵਰਗ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਆਪਣੇ ਐਲਾਨ ਨੂੰ ਅਮਲੀ ਜ਼ਾਮਾ ਪਹਿਨਾ ਦੇਣਾ ਚਾਹੀਦਾ ਸੀ ਪਰ ਇਸ ਬਾਬਤ ਵੀ ਚੁੱਪ ਵੱਟ ਲਈ ਗਈ। ਉਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਚ ਸੂਬੇ ਨੂੰ ਮੋਹਰੀ ਬਣਾਉਣ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਚ ਮੋਹਰੀ ਭੂਮਿਕਾ ਅਦਾ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿਸ਼ੇਸ ਜਾਂ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਬਾਰੇ ਵੀ ਬਜਟ ਸ਼ੈਸਨ ਚ ਕੁਝ ਸਪੱਸ਼ਟ ਨਹੀ ਕੀਤਾ ਜੋ ਮੰਦਭਾਗਾ ਹੈ।