ਹਠੂਰ, 28 ਫਰਵਰੀ (ਕੌਸਲ ਮੱਲਾ)- ਪਿੰਡ ਮੱਲ੍ਹਾ ਦੀ ਧੀ ਗੁਰਲੀਨ ਕੌਰ ਮੱਲ੍ਹਾ ਦੇ 13 ਸਾਲ ਦੀ ਉਮਰ ਵਿਚ ਹੀ ਇੰਡੀਆ ਦੀ ਅੰਡਰ 16 ਫੁੱਟਬਾਲ ਟੀਮ ’ਚ ਸ਼ਾਮਲ ਹੋ ਕੇ ਨੇਪਾਲ ਵਿਖੇ ਖੇਡਣ ਜਾਣਾ ਆਪਣੇ ਪਿੰਡ, ਜ਼ਿਲ੍ਹਾ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਨਾਂਅ ਰੌਸ਼ਨ ਕਰ ਦਿੱਤਾ। ਇਸ ਸਬੰਧੀ ਵਿਸ਼ੇਸ਼ ਤੌਰ ’ਤੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਗੁਰਲੀਨ ਕੌਰ ਮੱਲ੍ਹਾ ਦੇ ਪਿਤਾ ਕੁਲਦੀਪ ਸਿੰਘ ਗੋਗਾ ਨੇ ਦੱਸਿਆ ਕਿ ਸਾਊਥ ਏਸ਼ੀਆ ਫੁੱਟਬਾਲ ਫੈਡਰੇਸ਼ਨ ਕੱਪ ਲਈ ਟੀਮ ਇੰਡੀਆ ਨੇਪਾਲ ਪਹੁੰਚ ਗਈ ਹੈ। ਇਹ ਫੁੱਟਬਾਲ ਕੱਪ ਚਾਰ ਦੇਸ਼ਾਂ ਇੰਡੀਆ, ਨੇਪਾਲ, ਬੰਗਲਾ ਦੇਸ਼ ਅਤੇ ਭੂਟਾਨ ਦੀਆਂ ਟੀਮਾਂ ਵਿਚਕਾਰ 1 ਮਾਰਚ ਤੋਂ 10 ਮਾਰਚ ਤੱਕ ਹੋ ਰਿਹਾ ਹੈ। ਉਨਾਂ੍ਹ ਦੱਸਿਆ ਕਿ ਇਸ ਇੰਡੀਆ ਟੀਮ ’ਚ ਪੰਜਾਬ ਤੋਂ ਦੋ ਲੜਕੀਆਂ ਨੂੰ ਚੁਣਿਆ ਗਿਆ ਹੈ। ਜਿਸ ਵਿਚ ਉਨਾਂ੍ਹ ਦੀ ਲੜਕੀ ਗੁਰਲੀਨ ਕੌਰ ਮੱਲ੍ਹਾ ਅਤੇ ਇਕ ਲੜਕੀ ਗੁਰਨਾਜ਼ ਕੌਰ ਪਟਿਆਲਾ ਜ਼ਿਲ੍ਹੇ ਤੋਂ ਹੈ। ਉਨਾਂ੍ਹ ਦੱਸਿਆ ਕਿ ਗੁਰਲੀਨ ਕੌਰ ਮੱਲ੍ਹਾ ਦੀ ਚੋਣ ਸਤੰਬਰ 2023 ਨੂੰ ਨੈਸ਼ਨਲ ਚੈਪੀਅਨਸ਼ਿੱਪ ਵਿਚੋਂ ਟੀਮ ਇੰਡੀਆਂ ਲਈ ਚੋਣ ਹੋਈ ਸੀ ਅਤੇ ਡੇਢ ਮਹੀਨਾ ਗੋਆ ਵਿਖੇ ਕੈਂਪ ਲਾਇਆ ਗਿਆ। ਉਸ ਤੋਂ ਬਾਆਦ ਇਹ ਚੋਣ ਹੋਈ ਹੈ। ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਪ੍ਰਿੰ. ਬਲਵੰਤ ਸਿੰਘ ਸੰਧੂ, ਚੰਦ ਸਿੰਘ ਡੱਲਾ, ਜਸਵੀਰ ਸਿੰਘ ਦੇਹੜਕਾ, ਪ੍ਰਧਾਨ ਰਛਪਾਲ ਸਿੰਘ ਚਕਰ, ਸਾਬਕਾ ਡੀ. ਆਈ. ਜੀ. ਗੁਰਪ੍ਰੀਤ ਸਿੰਘ ਤੂਰ, ਸਰਪੰਚ ਹਰਬੰਸ ਸਿੰਘ, ਜੱਗਾ ਸਿੰਘ, ਦੀਸ਼ਾ ਸਿੰਘ, ਪ੍ਰਿੰ. ਪ੍ਰਮਿੰਦਰ ਸਿੰਘ ਝੋਰੜਾਂ, ਰਣਜੀਤ ਸਿੰਘ ਦੇਹੜਕਾ, ਦਰਸ਼ਨ ਸਿੰਘ ਹਠੂਰ, ਬੀਬੀ ਮਨਜੀਤ ਕੌਰ ਦੇਹੜਕਾ ਨੇ ਗੁਰਲੀਨ ਕੌਰ ਮੱਲ੍ਹਾ ਦੇ ਪਿਤਾ ਕੁਲਦੀਪ ਸਿੰਘ ਗੋਗਾ, ਮਾਤਾ ਤੇ ਪਰਿਵਾਰ ਸਮੇਤ ਕੋਚ ਅਮਿਤ ਕੁਮਾਰ ਚਕਰ, ਕੋਚ ਮਨਦੀਪ ਕੌਰ ਝੋਰੜਾਂ, ਕੋਚ ਮਹਿੰਦਰ ਸਿੰਘ ਮਾਣੂੰਕੇ, ਕੋਚ ਜਗਜੀਤ ਸਿੰਘ ਮੱਲ੍ਹਾ, ਕੋਚ ਸੰਦੀਪ ਸਿੰਘ ਫਗੜਾੜਾ ਏ. ਐਸ. ਆਈ., ਕੋਚ ਅਮਰਜੀਤ ਸਿੰਘ ਕੁਟਾਲਾ, ਕੋਚ ਗੁਰਪ੍ਰੀਤ ਸਿੰਘ ਅਲੂਣਾ ਤੋਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਹ ਪਿੰਡ ਮੱਲ੍ਹਾ ਜਾਂ ਲੁਧਿਆਣਾ ਜ਼ਿਲ੍ਹੇ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਟੀਮ ਇੰਡੀਆ ਵਿਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੱਲ੍ਹਾ ਦੀ ਇਕ ਧੀ ਨੇਪਾਲ ਖੇਡਣ ਗਈ ਹੈ। ਸਮੂਹ ਨੇ ਕਿਹਾ ਕਿ ਉਸ ਦੇ ਦੇਸ਼ ਪਰਤਣ ’ਤੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਗੁਰਲੀਨ ਕੌਰ ਦੀ ਇਸ ਸਮੇਂ ਉਮਰ 13 ਸਾਲ ਹੈ।