ਗਿਆਨੀ ਦਿੱਤ ਸਿੰਘ ਦਾ ਜਨਮ 21 ਅਪਰੈਲ, 1850 ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਨੰਦਪੁਰ ਕਲੌੜ ‘ਚ ਆਪਣੇ ਨਾਨਕੇ ਘਰ ਹੋਇਆ। ਆਪਦੇ ਪਿਤਾ ਦਾ ਨਾਮ ਦੀਵਾਨ ਸਿੰਘ ਸੀ, ਜੋ ਜ਼ਿਲ੍ਹਾ ਰੋਪੜ ਦੇ ਇਤਿਹਾਸਕ ਕਸਬੇ ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡ ਝੱਲੀਆਂ ਕਲਾਂ ਦੇ ਜੱਦੀ ਵਸਨੀਕ ਸਨ, ਪਰ ਕਿਸੇ ਕਾਰਨ ਆਪਣੇ ਸਹੁਰੇ ਪਿੰਡ ਨੰਦਪੁਰ ਕਲੌੜ ਜਾ ਵਸੇ। ਘਰ ਵਿੱਚ ਅਤਿ ਦੀ ਗਰੀਬੀ ਕਾਰਨ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਗੁਲਾਬਦਾਸੀਆਂ ਦੇ ਡੇਰੇ ਪੜ੍ਹਨ ਲਈ ਤੋਰ ਦਿੱਤਾ। ਕੁੱਝ ਸਮਾਂ ਆਪ ਆਰੀਆ ਸਮਾਜ ਵਿੱਚ ਵੀ ਰਹੇ, ਕਿਉਂਕਿ ਆਰੀਆ ਸਮਾਜੀਆਂ ਦੇ ਉਦੇਸ਼ ਸਿੱਖ ਧਰਮ ਨਾਲ ਮੇਲ ਖਾਂਦੇ ਸਨ, ਬਹੁਗਿਣਤੀ ਲੋਕ ਆਰੀਆ ਸਮਾਜ ਵਿੱਚ ਸ਼ਾਮਿਲ ਹੋਣ ਲੱਗ ਪਏ। ਸਿੱਖੀ ਦੇ ਪ੍ਰਚਾਰ ਦੀ ਵੱਡੀ ਘਾਟ ਕਾਰਨ ਜ਼ਿਆਦਾਤਰ ਸਿੱਖ ਪਰਿਵਾਰਾਂ ਨੇ ਈਸਾਈ ਧਰਮ ਕਬੂਲ ਕਰ ਲਿਆ ਸੀ।
ਇਸ ਧਰਮ ਪਰਿਵਰਤਨ ਨੂੰ ਗੰਭੀਰਤਾ ਨਾਲ ਲੈ ਕੇ ਸਿੱਖੀ ਨੂੰ ਬਚਾਉਣ ਲਈ ਕੁਝ ਚਿੰਤਤ ਸਿੱਖ ਵਿਦਵਾਨਾਂ ਨੇ ਸਿੰਘ ਸਭਾ ਲਹਿਰ ਦਾ ਗਠਨ ਕੀਤਾ। ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਅਤੇ ਠਾਕੁਰ ਸਿੰਘ ਸੰਧਾਵਾਲੀਆ ਸਿੰਘ ਸਭਾ ਲਹਿਰ ਦੇ ਪ੍ਰਮੁੱਖ ਬਾਨੀ ਸਨ। ਇਸ ਲਹਿਰ ਦਾ ਉਦੇਸ਼ ਸਿਆਸੀ ਸਰਗਰਮੀਆਂ ਤੋਂ ਦੂਰ ਰਹਿ ਕੇ ਸਿੱਖੀ ਨੂੰ ਨਿਰੋਲ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਤੌਰ ਤੇ ਮਜ਼ਬੂਤੀ ਕਰਨਾ ਸੀ। ਬ੍ਰਹਮਣੀ ਮੱਤ ਦੇ ਅਸਰ ਕਾਰਨ ਸਿੱਖੀ ਅੰਦਰ ਘਰ ਕਰ ਚੁੱਕੀਆਂ ਜਾਤ-ਪਾਤ ਵਰਗੀਆਂ ਹੋਰ ਵੀ ਕੁਰੀਤੀਆਂ ਨੂੰ ਖਤਮ ਕਰਨ ਲਈ ਸਿੰਘ ਸਭਾ ਲਹਿਰ ਦਾ ਵੱਡਾ ਯੋਗਦਾਨ ਸੀ। ਇਸ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਹਰਿਮੰਦਰ ਸਾਹਿਬ ਅੰਮ੍ਰਿਤਸਰ ਅੰਦਰ ਅਤੇ ਦਰਸ਼ਨੀ ਡਿਊਢੀ ਵਿੱਚ ਮੂਰਤੀਆਂ ਸਥਾਪਤ ਕਰ ਕੇ ਕੀਤੀ ਜਾਂਦੀ ਮੂਰਤੀ ਪੂਜਾ ਬੰਦ ਕਰਵਾਈ। ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਪੰਜਾਬੀ ਦਾ ਪਹਿਲਾ ‘ਖਾਲਸਾ ਅਖਬਾਰ’ ਕੱਢਿਆ। ਇਸ ਅਖਬਾਰ ਦੇ ਜ਼ਰੀਏ ਗਿਆਨੀ ਦਿੱਤ ਸਿੰਘ ਨੇ ਸਿੱਖੀ ਉੱਪਰ ਹੋ ਰਹੇ ਚੌਤਰਫਾ ਹਮਲਿਆਂ ਨੂੰ ਬੜੀ ਨਿਡਰਤਾ, ਦਲੇਰੀ ਅਤੇ ਦ੍ਰਿੜ੍ਹਤਾ ਨਾਲ ਰੋਕਿਆ, ਜਿਸ ਲਈ ਉਨ੍ਹਾਂ ਨੂੰ ਪੰਜਾਬੀ ਪੱਤਰਕਾਰੀ ਦਾ ਪਿਤਾਮਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਉਨ੍ਹਾਂ ਮੂਰਤੀ ਪੂਜਾ, ਜਾਤ-ਪਾਤ ਅਤੇ ਵਹਿਮਾਂ ਭਰਮਾਂ ਨੂੰ ਬੰਦ ਕਰਨ ਲਈ ਤਕੜੀ ਮੁਹਿੰਮ ਚਲਾਈ, ਜਿਸ ਤਹਿਤ ਦੁਰਗਾ ਪ੍ਰਬੋਧ, ਗੁੱਗਾ ਗਪੌੜਾ-ਸੁਲਤਾਨ ਪੁਆੜਾ, ਸਵਪਨ ਨਾਟਕ, ਸ੍ਰੀ ਗੁਰੂ ਅਰਜਨ ਪ੍ਰਬੋਧ, ਮੇਰਾ ਤੇ ਸਾਧੂ ਦਇਆ ਨੰਦ ਦਾ ਸੰਵਾਦ ਸਮੇਤ ਹੋਰ ਵੀ ਕਈ ਪੁਸਤਕਾਂ ਲਿਖੀਆਂ, ਜੋ ਅੱਜ ਸਿੱਖ ਇਤਿਹਾਸ ਦਾ ਹਿੱਸਾ ਬਣ ਚੁੱਕੀਆਂ ਹਨ। ਗਿਆਨੀ ਦਿੱਤ ਸਿੰਘ ਦੇ ਜੀਵਨ ’ਤੇ ਖੋਜ ਕਰਤਾ ਡਾ. ਸੰਦੀਪ ਕੌਰ ਸੇਖੋਂ ਅਨੁਸਾਰ ਗਿਆਨੀ ਦਿੱਤ ਸਿੰਘ ਨੇ ਕਰੀਬ 22 ਸਾਲ ਸੈਂਕੜੇ ਲੇਖ ਅਤੇ 40 ਤੋਂ ਵੱਧ ਕਿਤਾਬਾਂ ਲਿਖ ਕੇ ਸਿੱਖ ਕੌਮ ’ਚ ਨਵੀਂ ਜਾਗ੍ਰਿਤੀ ਪੈਦਾ ਕੀਤੀ। ਆਰੀਆ ਸਮਾਜੀ ਸਵਾਮੀ ਦਇਆ ਨੰਦ ਨੂੰ ਸਵਾਲ-ਜਵਾਬ ’ਚ ਤਿੰਨ ਵਾਰ ਭਰੀ ਸਭਾ ਵਿੱਚ ਹਰਾ ਕੇ ਆਪਣੀ ਵਿਦਵਤਾ ਦਾ ਲੋਹਾ ਮਨਵਾਇਆ। ਹਰਿਮੰਦਰ ਸਾਹਿਬ ਵਿੱਚ ਗੱਦੀ ਲਗਾ ਕੇ ਆਪਣੀ ਸ਼ਖ਼ਸੀ ਪੂਜਾ ਕਰਵਾ ਰਹੇ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਖੇਮ ਸਿੰਘ ਬੇਦੀ ਨੂੰ ਰੋਕਿਆ। ਬਾਬਾ ਖੇਮ ਸਿੰਘ ਬੇਦੀ ਨੂੰ ਅੰਗਰੇਜ਼ ਸਰਕਾਰ ਨੇ ਆਪਣੀ ਖੁਸ਼ਾਮਦ ਬਦਲੇ ‘ਸਰ’ ਦੀ ਉਪਾਧੀ ਨਾਲ ਨਿਵਾਜ਼ਿਆ ਸੀ। ਆਪ ਦੇ ਵਹਿਮਾਂ ਭਰਮਾਂ ਜਾਂ ਮੂਰਤੀ ਪੂਜਾ ਦੇ ਸਖਤ ਵਿਰੋਧੀ ਹੋਣ ਦਾ ਪ੍ਰਮਾਣ ਉਨ੍ਹਾਂ ਵੱਲੋਂ ਲਿਖੀ ਵਾਰਤਕ ਵਿੱਚੋਂ ਮਿਲਦਾ ਹੈ।
ਉਨ੍ਹਾਂ ਪੰਜਾਬੀ ਪੱਤਰਕਾਰੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਤੇ ਪੰਜਾਬੀ ਦਾ ਪਹਿਲਾ ਅਖਬਾਰ ‘ਖਾਲਸਾ ਅਖਬਾਰ’ ਸ਼ੁਰੂ ਕਰਕੇ ਸਮੁੱਚੇ ਸਿੱਖ ਜਗਤ ਨੂੰ ਬ੍ਰਾਹਮਣੀ ਕਰਮਕਾਂਡਾਂ ਤੋਂ ਮੁਕਤ ਕਰਨ ਲਈ ਵੱਡਾ ਯੋਗਦਾਨ ਪਾਇਆ। ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਦੇ ਸਾਂਝੇ ਯਤਨਾਂ ਸਦਕਾ ਇਹ ਅਖ਼ਬਾਰ 12 ਜੂਨ, 1886 ਨੂੰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਮੌਕੇ ਸ਼ੁਰੂ ਕੀਤਾ ਗਿਆ। ਇਸ ਅਖਬਾਰ ਦੇ ਸੰਪਾਦਕ ਭਾਵੇਂ ਗਿਆਨੀ ਝੰਡਾ ਸਿੰਘ ਸਨ, ਪਰ ਜ਼ਿਆਦਾਤਰ ਲੇਖ ਗਿਆਨੀ ਦਿੱਤ ਸਿੰਘ ਹੀ ਲਿਖਦੇ ਸਨ। ਇਸ ਅਖਬਾਰ ਦਾ ਮੁੱਖ ਉਦੇਸ਼ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਦੇ ਸਮੁੱਚੇ ਜੀਵਨ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਸਿੱਖ ਧਰਮ ਵਿਚਲੀਆਂ ਕੁਰੀਤੀਆਂ ਨੂੰ ਦੂਰ ਕਰਨਾ ਅਤੇ ਵਿਦਿਆ ਦੀ ਉੱਨਤੀ ਲਈ ਯਤਨ ਕਰਨਾ ਸੀ। ਇਹ ਅਖਬਾਰ ਸਿੰਘ ਸਭਾ ਲਾਹੌਰ ਦੇ ਸਹਿਯੋਗ ਨਾਲ ਕੱਢਿਆ ਜਾਂਦਾ ਸੀ। ਸੰਨ 1887 ਨੂੰ ਭਾਈ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਕਾਬਜ਼ ਮਹੰਤਾਂ ਨੇ ਸਿੱਖੀ ਵਿੱਚੋਂ ਖਾਰਜ ਕਰ ਦਿੱਤਾ। ਇਸ ਮਾਮਲੇ ’ਤੇ ਗਿਆਨੀ ਦਿੱਤ ਸਿੰਘ ਨੇ ਆਪਣੇ ਲੇਖਾਂ ਰਾਹੀਂ ਧੜੱਲੇ ਨਾਲ ਗੁਰਦੁਆਰਿਆਂ ’ਤੇ ਕਾਬਜ਼ ਮਹੰਤਾਂ ਅਤੇ ਅੰਗਰੇਜ਼ ਹਕੂਮਤ ਦੇ ਕਾਰਨਾਮਿਆਂ ਨੂੰ ਭੰਡਿਆ। ਇਸ ਤੋਂ ਬਾਅਦ ਬੇਦੀ ਉਦੈ ਸਿੰਘ ਨੇ ਅਖਬਾਰ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ। ਉੱਧਰ ਸਿੰਘ ਸਭਾ ਲਾਹੌਰ ਨੇ ਅਖਬਾਰ ਵਲੋਂ ਹੱਥ ਪਿੱਛੇ ਖਿੱਚ ਲਿਆ। ਇਸ ਤਰਾਂ ਇੱਕ ਵਾਰ ਅਖਬਾਰ ਦਮ ਤੋੜ ਗਿਆ। ਗਿਆਨੀ ਦਿੱਤ ਸਿੰਘ ਨੇ ਹਿੰਮਤ ਕਰਕੇ 1893 ਵਿਚ ਮੁੜ ਅਖਬਾਰ ਕੱਢਣਾ ਸ਼ੁਰੂ ਕਰ ਦਿੱਤਾ ਤੇ ਪੱਤਰਕਾਰੀ ਦੇ ਖੇਤਰ ਵਿੱਚ ਧੜੱਲੇ ਨਾਲ ਸੱਚ ਲਿਖਦਿਆਂ ਗੋਰੀ ਹਕੂਮਤ, ਗੁਰਦਵਾਰਿਆਂ ’ਤੇ ਕਾਬਜ਼ ਮਹੰਤਾਂ ਅਤੇ ਫੋਕੇ ਬ੍ਰਾਹਮਣੀ ਕਰਮਕਾਂਡਾਂ ਖਿਲਾਫ ਅਵਾਜ਼ ਉਠਾਈ। ਉਸ ਤੋਂ ਉਨ੍ਹਾਂ ਦਾ ਦਲੇਰਾਨਾ ਸੁਭਾਅ, ਨਿੱਡਰਤਾ ਅਤੇ ਕੌਮ ਪ੍ਰਸਤੀ ਝਲਕਦੀ ਹੈ।
ਸਿੱਖੀ ਦਾ ਇਹ ਸਮਰਪਿਤ ਵਾਰਸ 6 ਸਤੰਬਰ, 1901 ਨੂੰ ਸਦਾ ਲਈ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ। ਚੌਤਰਫਾ ਹਮਲਿਆਂ ਦਾ ਸ਼ਿਕਾਰ ਹੋ ਕੇ ਮਰ-ਮੁੱਕ ਰਹੀ ਸਿੱਖੀ ਨੂੰ ਗਫਲਤ ਵਿੱਚੋਂ ਕੱਢ ਕੇ ਮੁੜ ਲੀਹ ’ਤੇ ਲਿਆਉਣ ਲਈ ਗਿਆਨੀ ਦਿੱਤ ਸਿੰਘ ਦੇ ਯਤਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਸ ਵੀਰ ਸਿੰਘ ਮਾਨ ਚਿਗਵੈੱਲ ਵਾਲਿਆ ਨਾਲ ਪਿਛਲੇ ਸਾਲ ਹੋਈ ਗੱਲਬਾਤ ਅਤੇ ਓਹਨਾ ਵਲੋਂ ਵਿਸੇਸ ਜਿਕਰ ਕਰਣ ਤੇ ਇਕ ਬਹੁਤ ਹੀ ਸਿੱਖੀ ਦੀ ਅਗਵਾਈ ਭਰਦੀ ਸਖਸ਼ੀਅਤ ਨੂੰ ਅੱਜ ਯਾਦ ਕਰਦਿਆਂ ਸਦਾ ਓਹਨਾ ਦੇ ਰਸਤੇ ਤੇ ਚਲਣ ਦੀ ਕੋਸ਼ਿਸ ਕਰਦੇ ਰਹਿਣ ਦੀ ਪੇਸ਼ ਗੋਈ ਕਰਦਾ ਹਾਂ।
ਅਮਨਜੀਤ ਸਿੰਘ ਖਹਿਰਾ