ਜਗਰਾਓਂ,ਸਤੰਬਰ 2019 -( ਮਨਜਿੰਦਰ ਗਿੱਲ/ਜਸਮੇਲ ਗਾਲਿਬ)-
ਇਥੋਂ ਲਾਗੇ ਪਿੰਡ ਕੋਠੇ ਬੱਗੂ ਵਿਖੇ ਬੀਤੀ ਰਾਤ ਦੋ ਅਗਿਆਤ ਵਿਅਕਤੀਆਂ ਨੇ ਤੇਜਧਾਰ ਹਥਿਆਰ ਨਾਲ ਇਕ ਪਰਿਵਾਰ ਤੇ ਹਮਲਾ ਕਰ ਦਿਤਾ। ਜਿਸ ਵਿਚ ਔਰਤ ਦਾ ਕਤਲ ਕਰ ਦਿਤਾ ਅਤੇ ਉਸਦਾ ਪਤੀ ਤੇ ਦੋ ਬੱਚੇ ਜਖਮੀਂ ਹੋ ਗਏ। ਥਾਣਾ ਸਿਟੀ ਦੇ ਇੰਚਾਰਜ ਨਿਧਾਨ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰਾ ਸਿੰਘ ਨਿਵਾਸੀ ਪਿੰਡ ਕੋਠੇ ਬੱਗੂ ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਘਰ ਵਿਚ ਸੁੱਤਾ ਹੋਇਆ ਸੀ ਤਾਂ ਰਾਤ ਦੇ ਬਾਰਾਂ ਵਜੇ ਦੇ ਕਰੀਬ ਦੋ ਅਗਿਆਤ ਬੰਦੇ ਉਸਦੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਮੇਰੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿਤੀ। ਮੇਰੀ ਪਤਨੀ ਰਾਜਵੀਰ ਕੌਰ ਛੁਡਾਉਣ ਲਈ ਅੱਗੇ ਆਈ ਤਾਂ ਉਨ੍ਹਾਂ ਨੇ ਰਾਜਵੀਰ ਕੌਰ ਤੇ ਦਾਹ ਨਾਲ ਤਾਬੜਤੋੜ ਹਮਲੇ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿਤਾ। ਇਸ ਹਮਲੇ ਵਿਚ ਖੁਦ ਗੁਰਪ੍ਰੀਤ ਸਿੰਘ ਅਤੇ ਉਸਦਾ 13 ਸਾਲ ਦਾ ਲੜਕਾ ਜਸ਼ਨਪ੍ਰੀਤ , 11 ਸਾਲ ਦਾ ਲੜਕਾ ਲਖਵੀਰ ਸਿੰਘ ਜਖਮੀ ਹੋ ਗਏ। ਹਮਲਾ ਕਰਕੇ ਜਦੋਂ ਕਾਤਲ ਮੌਕੇ ਤੋਂ ਫਰਾਰ ਹੋ ਗਏ ਤਾਂ ਜਸ਼ਨਪ੍ਰੀਤ ਨੇ ਨਾਲ ਹੀ ਰਹਿੰਦੇ ਆਪਣੇ ਤਾਇਆ ( ਗੁਰਪ੍ਰੀਤ ਦੇ ਤਾਏ ਦੇ ਲੜਕੇ ) ਜਗਤਾਰ ਸਿੰਘ ਦੇ ਘਰ ਜਾ ਕੇ ਸਾਰੀ ਘਟਨਾ ਬਾਰੇ ਜਾਣਕਾਰੀ ਦਿਤੀ। ਜਗਤਾਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਰਾਜਵੀਰ ਕੌਰ, ਗੁਰਪ੍ਰੀਤ ਸਿੰਘ ਅਤੇ ਦੋਵੇ ਬੱਚਿਆੰ ਨੂੰ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਣ ਤੇ ਐਸ. ਪੀ ਜਸਵਿੰਦਰ ਸਿੰਘ, ਡੀ ਐਸ ਪੀ ਗੁਰਦੀਪ ਸਿੰਘ ਗੌਸ਼ਲ, ਥਾਣਾ ਸਿਟੀ ਦੇ ਇੰਚਾਰਜ ਨਿਧਾਨ ਸਿੰਘ, ਸੀ ਆਈ ਏ ਸਟਾਫ ਦੇ ਇੰਚਾਰਜ ਕਿੱਕਰ ਸਿੰਘ ਅਤੇ ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਸਇਅਦ ਸ਼ਕੀਲ ਮੌਕੇ ਤੇ ਪਹੁੰਚੇ। ਪੁਲਿਸ ਨੇ ਜਾਂਚ ਲਈ ਮੌਕੇ ਤੇ ਫਿੰਗਰ ਪ੍ਰਿੰਟ ਮਾਹਿਰ ਅਤੇ ਡੌਗ ਸਕੂਐਡ ਬੁਲਾਏ ਅਤੇ ਜਾਂਚ ਸ਼ੁਰੂ ਕੀਤੀ। ਇਸ ਸੰਬਧ ਵਿਚ ਥਾਣਾ ਸਿਟੀ ਵਿਖੇ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੇ ਦੋ ਅਗਿਆਤ ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ। ਡੀ ਐਸ ਪੀ ਗੁਰਦੀਪ ਸਿੰਘ ਗੌਸ਼ਲ ਨੇ ਕਿਹਾ ਕਿ ਮਾਮਲਾ ਸ਼ੱਕ ਦੇ ਦਾਇਰੇ ਵਿਚ ਹੈ। ਗੁਰਪ੍ਰੀਤ ਸਿੰਘ ਆਪਣੇ ਬਿਆਨ ਵਾਰ-ਵਾਰ ਬਦਲ ਰਿਹਾ ਹੈ। ਇਸ ਅੰਨੇ ਕਤਲ ਦੀ ਗੁੱਥੀ ਨੂੰ ਜਲਦੀ ਹੀ ਸੁਲਝਾ ਕੇ ਅਸਲੀਅਤ ਸਾਹਮਣੇ ਲਿਆ ਦਿਤੀ ਜਾਵੇਗੀ।