You are here

ਪੀ ਏ ਯੂ ਵਿਚ ਪਾਬੀ ਦੀ ਕਾਰਜਸ਼ਾਲਾ ਦੌਰਾਨ ਖੇਤੀ ਉੱਦਮ ਬਾਰੇ ਵਿਚਾਰਾਂ ਹੋਈਆਂ

ਲੁਧਿਆਣਾ, 2 ਫਰਵਰੀ(ਟੀ. ਕੇ.) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਸਰਪ੍ਰਸਤੀ ਹੇਠ ਚੱਲ ਰਹੇ ਪੰਜਾਬ ਐਗਰੀ-ਬਿਜ਼ਨਸ ਇਨਕਿਊਬੇਟਰ (ਪਾਬੀ) ਨੇ ਪਾਲ ਆਡੀਟੋਰੀਅਮ ਵਿਖੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। 

ਪਾਬੀ ਦੇ ਪ੍ਰੋਗਰਾਮ ਨਿਰਦੇਸ਼ਕ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ  ਰਿਆੜ, ਨੇ ਖੇਤੀਬਾੜੀ ਖੇਤਰ ਵਿਚ ਕਾਰੋਬਾਰ ਨੂੰ ਸਮਰਥਨ ਦੇਣ ਵਿੱਚ ਪਾਬੀ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਡਾ: ਰਿਆੜ ਨੇ ਉੱਦਮੀਆਂ ਨੂੰ ਉਨ੍ਹਾਂ ਦੇ ਖੇਤੀ ਕਾਰੋਬਾਰੀ ਉੱਦਮਾਂ ਨੂੰ ਵਿਕਸਤ ਕਰਨ ਅਤੇ ਵਧਾਉਣ ਵਿੱਚ ਸਹਾਇਤਾ ਕਰਨ ਲਈ ਪਾਬੀ ਵਲੋਂ ਪ੍ਰਦਾਨ ਕੀਤੇ ਗਏ ਮੌਕਿਆਂ ਅਤੇ ਅਗਵਾਈ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਵਿੱਤੀ ਸਹਾਇਤਾ ਲੈਣ ਲਈ ਸਹਾਇਤਾ ਅਤੇ ਦਿਸ਼ਾ ਨਿਰਦੇਸ਼ਕ ਸੰਬੰਧੀ ਖੇਤੀਬਾੜੀ ਅਤੇ ਖੇਤੀ ਕਾਰੋਬਾਰ ਵਿੱਚ ਭਾਈਵਾਲ ਧਿਰਾਂ, ਨਿਵੇਸ਼ਕਾਂ, ਅਤੇ ਹਿੱਸੇਦਾਰਾਂ ਨੂੰ ਸਾਂਝਾ ਮੰਚ ਮੁਹਈਆ ਕਰਨ ਦੀ ਗੱਲ ਕੀਤੀ।

ਡਾ. ਪੂਨਮ ਏ ਸਚਦੇਵ, ਪ੍ਰਿੰਸੀਪਲ ਭੋਜਨ ਤਕਨਾਲੋਜਿਸਟ ਅਤੇ ਪ੍ਰੋਜੈਕਟ ਦੇ ਸਹਿ ਨਿਗਰਾਨ, ਨੇ ਹਾਜ਼ਰੀਨ ਦਾ ਸਵਾਗਤ ਕੀਤਾ । ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਵੇਂ ਪਾਬੀਂ ਦੇ ਯਤਨ ਤਜਰਬੇਕਾਰ ਸਲਾਹਕਾਰਾਂ ਅਤੇ ਉਦਯੋਗ ਮਾਹਰਾਂ ਦੀ ਅਗਵਾਈ ਕਰਦੇ ਹਨ। ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੇ ਗਏ ਵੱਖ-ਵੱਖ ਪ੍ਰੋਗਰਾਮਾਂ ਅਤੇ ਵਰਕਸ਼ਾਪਾਂ ਵਿੱਚ ਤਕਨਾਲੋਜੀ, ਕਾਰੋਬਾਰੀ ਵਿਕਾਸ ਅਤੇ ਮੰਡੀਕਰਨ ਵਿੱਚ ਉੱਦਮੀਆਂ ਦੇ ਹੁਨਰ ਅਤੇ ਗਿਆਨ ਨੂੰ ਵਧਾਉਣ ਬਾਰੇ ਗੱਲ ਕੀਤੀ।

ਉਦਘਾਟਨੀ ਭਾਸ਼ਣ ਦੌਰਾਨ, ਡਾ: ਕਿਰਨ ਬੈਂਸ,ਡੀਨ ਕਾਲਜ ਆਫ਼ ਕਮਿਊਨਿਟੀ ਸਾਇੰਸ ਨੇ ਇਨਕਿਊਬੇਸ਼ਨ ਸੈਂਟਰ ਦੇ ਉਪਰਾਲਿਆਂ ਦੀ ਤਾਰੀਫ਼ ਕੀਤੀ । ਉਨ੍ਹਾਂ ਕਿਹਾ ਕਿ ਕੇਂਦਰ ਖੇਤੀ ਉੱਦਮੀਆਂ ਨੂੰ ਉੱਚ ਪੱਧਰੀ ਬਣਾਉਣ ਅਤੇ ਮੁਕਾਬਲੇ ਵਾਲੇ ਕਾਰੋਬਾਰੀ ਮਾਹੌਲ ਵਿੱਚ ਆਪਣੇ ਆਪ ਨੂੰ ਸਥਾਪਤ ਕਰਨ ਵਿੱਚ ਮਦਦ ਕਰ ਰਿਹਾ ਹੈ। ਡਾ: ਬੈਂਸ ਨੇ ਖੇਤੀ ਉੱਦਮ ਨੂੰ ਧਾਰਨ ਕਰਨ ਲਈ ਕਿਸਾਨਾਂ ਨੂੰ ਕਿਹਾ ਜੋ ਕਿ ਖੇਤੀਬਾੜੀ ਪਿਛੋਕੜ ਵਾਲੇ ਨੌਜਵਾਨਾਂ ਨੂੰ ਯੂਨੀਵਰਸਿਟੀ ਦੇ ਮਾਰਗਦਰਸ਼ਨ ਹੇਠ ਸਫਲ ਖੇਤੀ ਉੱਦਮੀ ਬਣਨ ਲਈ ਸਹਿਯੋਗ ਕਰ ਸਕਦਾ ਹੈ।

ਸਮਾਰੋਹ ਵਿੱਚ ਖੇਤੀਬਾੜੀ ਵਿੱਚ ਉੱਦਮ ਦੇ ਮਹੱਤਵ 'ਤੇ ਚਰਚਾ ਕੀਤੀ ਗਈ, ਵਧਦੀ ਲਾਗਤ ਅਤੇ ਨੌਕਰੀ ਦੇ ਖੇਤਰ ਦੀ ਅਸਥਿਰਤਾ ਦੇ ਸੰਦਰਭ ਵਿੱਚ ਖੇਤੀ ਉੱਦਮ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ।  ਚੰਡੀਗੜ੍ਹ ਤੋਂ ਡਾ ਗੁਰਸ਼ਗਨ ਕੰਧੋਲਾ ਨੇ ਪੀਐਸਸੀਐਸਟੀ ਦੀ ਪਹਿਲਕਦਮੀ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਕੋਰਸ ਦੇ ਨਿਰਦੇਸ਼ਕ ਅਤੇ ਡਾ: ਕੁਲਦੀਪ ਸਿੰਘ, ਮੁਖੀ ਪਸਾਰ ਸਿੱਖਿਆ ਵਿਭਾਗ ਨੇ ਪਾਲ ਆਡੀਟੋਰੀਅਮ ਦੇ ਬਾਹਰ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਉੱਦਮੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਇਸ ਨਾਲ ਉਨ੍ਹਾਂ ਨੂੰ ਯੂਨੀਵਰਸਿਟੀ ਦੀ ਅਗਵਾਈ ਵਿੱਚ ਆਪਣੀ ਮਿਹਨਤ ਅਤੇ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਨ ਦਾ ਮੌਕਾ ਮਿਲੇਗਾ।

ਚੰਡੀਗੜ੍ਹ ਏਂਜਲ ਨੈੱਟਵਰਕ ਸਟਾਰਟਅਪ ਦੀ ਸ਼੍ਰੀਮਤੀ ਨੀਤਿਕਾ ਖੁਰਾਣਾ ਅਤੇ ਡੀਬੀ ਡੀਲੀਸ਼ੀਅਸ ਬਾਇਟਸ ਪ੍ਰਾਈਵੇਟ ਲਿਮਟਿਡ ਦੀ ਸ਼੍ਰੀਮਤੀ ਹਰਜੋਤ ਗੰਭੀਰ ਸਮੇਤ ਪ੍ਰਸਿੱਧ ਉੱਦਮੀਆਂ ਨੇ ਪਾਬੀ ਦੇ ਅਧੀਨ ਸਫਲ ਵਪਾਰਕ ਉੱਦਮਾਂ ਤੱਕ ਦੀਆਂ ਆਪਣੀਆਂ ਯਾਤਰਾਵਾਂ ਬਾਰੇ ਦੱਸਿਆ। ਡਾਈਟ ਡਾਕਟਰ ਕਲੀਨਿਕ ਦੀ ਸ਼੍ਰੀਮਤੀ ਪੂਜਾ ਮੁੰਜਾਲ, ਸਕਿੱਲਮੈਪਿੰਗ ਕਰੀਅਰਜ਼ ਦੀ ਡਾ: ਸ਼ਵੇਤਾ ਮਿਗਲਾਨੀ, ਅਤੇ ਕ੍ਰੀਏਟਕਨਿਟ ਦੀ ਸੰਸਥਾਪਕ ਸ਼੍ਰੀਮਤੀ ਪੂਜਾ ਕੌਸ਼ਿਕ ਸਮੇਤ ਮਹਿਲਾ ਉੱਦਮੀਆਂ ਨੇ ਸਮਾਗਮ ਦੌਰਾਨ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ।

ਵਰਕਸ਼ਾਪ ਮਾਹਿਰਾਂ ਦੇ ਨਾਲ ਇੱਕ ਦਿਲਚਸਪ ਸਵਾਲ-ਜਵਾਬ ਸੈਸ਼ਨ ਦੇ ਨਾਲ ਸਿਰੇ ਚੜ੍ਹੀ।

ਸਰੋਤ ਪ੍ਰਬੰਧਨ ਅਤੇ ਖਪਤਕਾਰ ਵਿਗਿਆਨ ਦੇ ਪ੍ਰੋਫੈਸਰ ਡਾ: ਸ਼ਰਨਬੀਰ ਕੌਰ ਬੱਲ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦੇ ਸਫਲ ਆਯੋਜਨ ਦਾ ਸਿਹਰਾ ਇੰਜ ਕਰਨਵੀਰ ਗਿੱਲ ਅਤੇ ਸ੍ਰੀ ਗੁਰਪ੍ਰੀਤ ਸਿੰਘ ਜਾਂਦਾ ਹੈ।

ਸਮਾਰੋਹ  ਦਾ ਸੰਚਾਲਨ ਡਾ ਸੁਮੇਧਾ ਭੰਡਾਰੀ ਨੇ ਕੀਤਾ।