You are here

ਫੋਨ ਸੰਦੇਸ਼ ਰਾਹੀਂ ਟਵੀਟ ਕਰਨ ਦੀ ਸਹੂਲਤ ਬੰਦ

 

ਵਾਸ਼ਿੰਗਟਨ, ਸਤੰਬਰ 2019-

ਟਵਿੱਟਰ ਨੇ ਸੀਈਓ ਜੈਕ ਡੋਰਸੀ ਦਾ ਖਾਤਾ ਹੈਕ ਹੋਣ ਤੋਂ ਬਾਅਦ ਅੱਜ ਫੋਨ ਰਾਹੀਂ ਟਵਿੱਟਰ ਸੰਦੇਸ਼ ਭੇਜਣ ਦੀ ਸਹੂਲਤ ਬੰਦ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਹੈਕਰਾਂ ਨੇ ਸੀਈਓ ਡੋਰਸੀ ਦਾ ਸਿਮ ਬਦਲ ਦਿੱਤਾ ਸੀ ਤੇ ਉਸ ਦੀਆਂ ਮਹੱਤਵਪੂਰਨ ਜਾਣਕਾਰੀਆਂ ਹਾਸਲ ਕਰ ਲਈਆਂ ਸਨ। ਦੱਸਣਾ ਬਣਦਾ ਹੈ ਕਿ ਹੈਕਰ ਇਸ ਤਕਨੀਕ ਨਾਲ ਫੋਨ ’ਤੇ ਕੰਟਰੋਲ ਕਰਕੇ ਉਨ੍ਹਾਂ ਦੇ ਸੋਸ਼ਲ ਮੀਡੀਆ, ਬੈਂਕ ਖਾਤਿਆਂ ਦੀ ਜਾਣਕਾਰੀ ਹਾਸਲ ਕਰ ਲੈਂਦੇ ਹਨ। ਟਵਿੱਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਇਸ ਸਮੱਸਿਆ ਦੇ ਲੰਬੇ ਸਮੇਂ ਦੇ ਹੱਲ ਲਈ ਯਤਨ ਕਰ ਰਹੇ ਹਨ। ਸਾਂ ਫਰਾਂਸਿਸਕੋ ਦੀ ਇਸ ਏਜੰਸੀ ਨੇ ਇਹ ਸੇਵਾਵਾਂ ਕੁਝ ਸਮੇਂ ਲਈ ਹੀ ਬੰਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸੀਈਓ ਡੋਰਸੀ ਦੇ ਸਾਵਧਾਨੀ ਵਰਤਣ ਦੇ ਬਾਵਜੂਦ ਵੀ ਉਨ੍ਹਾਂ ਦਾ ਮੋਬਾਈਲ ਫੋਨ ਹੈਕ ਕਰ ਲਿਆ ਗਿਆ ਤੇ ਹੈਕਰਾਂ ਨੇ ਉਸ ਦੇ ਟਵਿੱਟਰ ਖਾਤੇ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਹੈਕਰਾਂ ਨੇ ਡੋਰਸੀ ਦੇ ਟਵਿੱਟਰ ਖਾਤੇ ਤੋਂ ਇਤਰਾਜ਼ਯੋਗ ਸਮੱਗਰੀ ਭੇਜੀ ਸੀ।