ਦਿੜ੍ਹਬਾ ਮੰਡੀ, ਸਤੰਬਰ 2019- ਨੇੜਲੇ ਪਿੰਡ ਗੁੱਜਰਾਂ ਵਿਚ ਬੀਤੀ ਦੇਰ ਰਾਤ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੇ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕਰ ਲਈ। ਘਟਨਾ ਤੋਂ ਪਹਿਲਾਂ ਇਹ ਪ੍ਰੇਮੀ ਜੋੜਾ ਸੋਸ਼ਲ ਮੀਡੀਆ ’ਤੇ ਲਾਈਵ ਹੋਇਆ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਰਵਿੰਦਰ ਸਿੰਘ (25) ਉਰਫ਼ ਬੰਟੀ ਵਾਸੀ ਪਿੰਡ ਗੁੱਜਰਾਂ ਅਤੇ ਹਰਬੰਸ ਕੌਰ (20) ਵਾਸੀ ਪਿੰਡ ਗੁੱਜਰਾਂ ਦੇ ਆਪਸ ਵਿੱਚ ਪ੍ਰੇਮ ਸਬੰਧ ਸਨ ਪਰ ਦੋਵਾਂ ਦੇ ਪਰਿਵਾਰ ਵਾਲੇ ਇਸ ਲਈ ਰਾਜ਼ੀ ਨਹੀਂ ਸਨ। ਪੁਲੀਸ ਅਨੁਸਾਰ ਲੜਕੀ 2 ਸਤੰਬਰ ਤੋਂ ਘਰੋਂ ਗਾਇਬ ਸੀ।
ਬੀਤੀ ਦੇਰ ਸ਼ਾਮ ਅਰਵਿੰਦਰ ਸਿੰਘ ਬੰਟੀ ਨੇ ਆਪਣੇ ਘਰ ਤੋਂ ਬੰਦੂਕ ਲਈ ਅਤੇ ਰਾਤ ਨੂੰ ਆਪਣੇ ਖੇਤ ਵਿੱਚ ਜਾ ਕੇ ਹਰਬੰਸ ਕੌਰ ਸਣੇ ਫੇਸਬੁੱਕ ’ਤੇ ਲਾਈਵ ਹੋਣ ਤੋਂ ਬਾਅਦ ਪਹਿਲਾਂ ਆਪਣੀ ਪ੍ਰੇਮਿਕਾ ਦੇ ਗੋਲੀ ਮਾਰ ਦਿੱਤੀ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ। ਥਾਣਾ ਦਿੜ੍ਹਬਾ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਕਬਜ਼ੇ ਵਿੱਚ ਲੈਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ। ਐੱਸਆਈ ਸਤਗੁਰ ਸਿੰਘ ਨੇ ਦੱਸਿਆਕਿ ਹਰਬੰਸ ਕੌਰ 2 ਸਤੰਬਰ ਨੂੰ ਕਾਲਜ ਜਾਣ ਤੋਂ ਬਾਅਦ ਗਾਇਬ ਸੀ ਅਤੇ ਬੀਤੀ ਰਾਤ ਖੁਦਕੁਸ਼ੀ ਕੀਤੇ ਜਾਣ ਤੋਂ ਪਹਿਲਾਂ ਦੋਵੇਂ ਸੋਸ਼ਲ ਮੀਡੀਆ ’ਤੇ ਲਾਈਵ ਹੋਏ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੇ ਇਸ ਸਬੰਧੀ ਕੋਈ ਵੀ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਹੈ। ਇਸ ਕਾਰਨ ਥਾਣਾ ਦਿੜ੍ਹਬਾ ਵਿਚ ਪੁਲੀਸ ਵੱਲੋਂ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।