You are here

ਪੁਰਾਤਨ ਵਿਰਾਸਤ ਸੰਭਾਲਣ ਲਈ ਅੰਮ੍ਰਿਤਸਰ ਨੂੰ ਦੇਸ਼ ਭਰ ’ਚੋਂ ਪਹਿਲਾ ਸਥਾਨ

ਅੰਮ੍ਰਿਤਸਰ, ਸਤੰਬਰ 2019 -( ਇਕਬਾਲ ਸਿੰਘ ਰਸੂਲਪੁਰ )- ਜੰਡਿਆਲਾ ਗੁਰੂ ਵਿਚ ਠਠੇਰਿਆਂ ਦੀ ਪੁਰਾਤਨ ਵਿਰਾਸਤ ਨੂੰ ਸੰਭਾਲਣ, ਵਿਕਸਿਤ ਕਰਨ ਅਤੇ ਇਸ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਗਏ ਯਤਨਾਂ ਵਾਸਤੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਦੇਸ਼ ਭਰ ਵਿਚੋਂ ਪਹਿਲਾ ਸਥਾਨ ਮਿਲਿਆ ਹੈ। ਇਹ ਵਿਰਾਸਤ ਹੌਲੀ-ਹੌਲੀ ਦਮ ਤੋੜ ਰਹੀ ਸੀ ਪਰ ਯੂਨੈਸਕੋ ਵਲੋਂ ਇਸ ਨੂੰ ਵਿਰਾਸਤੀ ਸੂਚੀ ਵਿਚ ਸ਼ਾਮਲ ਕਰਨ ਮਗਰੋਂ ਇਸ ਨੂੰ ਮੁੜ ਸੁਰਜੀਤ ਕਰਨ ਲਈ ਹੰਭਲਾ ਮਾਰਿਆ ਗਿਆ ਸੀ।
ਬੀਤੇ ਦਿਨ ਨਵੀਂ ਦਿੱਲੀ ਵਿਚ ਵਿਗਿਆਨ ਭਵਨ ’ਚ ਕਰਵਾਏ ਗਏ ਸਮਾਗਮ ਵਿਚ ਇਹ ਸਨਮਾਨ ਅੰਮ੍ਰਿਤਸਰ ਜ਼ਿਲ੍ਹੇ ਨੂੰ ਦਿੱਤਾ ਗਿਆ ਹੈ, ਜਿਸ ਨੂੰ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਪ੍ਰਾਪਤ ਕੀਤਾ। ਕਿਸੇ ਵੀ ਖ਼ੁਦ ਮੁਖ਼ਤਿਆਰ ਸੰਸਥਾ ਵਲੋਂ ਵਿਸ਼ੇਸ਼ ਪ੍ਰਾਪਤੀਆਂ ਲਈ ਦਿੱਤਾ ਜਾਣ ਵਾਲਾ ਇਹ ਸਨਮਾਨ ਦੇਸ਼ ਦਾ ਵੱਕਾਰੀ ਸਨਮਾਨ ਹੈ। ਜ਼ਿਲ੍ਹੇ ਦੇ ਐੱਸਡੀਐੱਮ ਵਿਕਾਸ ਹੀਰਾ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਦੇਸ਼ ਭਰ ਤੋਂ 1500 ਪ੍ਰਤੀਯੋਗੀ ਸ਼ਾਮਲ ਹੋਏ ਸਨ, ਜਿਸ ਵਿਚੋਂ ਅੰਮ੍ਰਿਤਸਰ ਨੂੰ ਪਹਿਲਾ ਸਥਾਨ ਮਿਲਿਆ। ਜੰਡਿਆਲਾ ਗੁਰੂ ਦੀ ਠਠੇਰਿਆਂ ਦੀ ਕਲਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਹੈ, ਜੋ ਉਸ ਵੇਲੇ ਵੱਡੇ ਪੱਧਰ ’ਤੇ ਪ੍ਰਫੁੱਲਿਤ ਸੀ। ਇੱਥੇ ਬਣੇ ਪਿੱਤਲ, ਤਾਂਬੇ ਅਤੇ ਕਾਂਸੇ ਆਦਿ ਦੇ ਭਾਂਡੇ ਦੇਸ਼ ਵਿਚ ਵੱਖ ਵੱਖ ਥਾਵਾਂ ‘ਤੇ ਖਰੀਦੇ ਜਾਂਦੇ ਸਨ ਪਰ ਸਮੇਂ ਦੇ ਨਾਲ ਇਨ੍ਹਾਂ ਦੀ ਮੰਗ ਘਟ ਗਈ ਸੀ, ਜਿਸ ਕਾਰਨ ਇਹ ਸਨਅਤ ਆਖ਼ਰੀ ਸਾਹਾਂ ‘ਤੇ ਸੀ। ਯੂਨੈਸਕੋ ਵਲੋਂ ਇਸ ਵਿਰਾਸਤ ਨੂੰ ਵਿਸ਼ਵ ਦੀਆਂ ਵਿਰਾਸਤਾਂ ਦੀ ਸੂਚੀ ਵਿਚ ਸ਼ਾਮਲ ਕੀਤੇ ਜਾਣ ਮਗਰੋਂ ਇਸ ਸਨਅਤ ਨੂੰ ਮੁੜ ਪੈਰਾਂ ਸਿਰ ਕਰਨ ਦਾ ਯਤਨ ਕੀਤਾ ਗਿਆ ਸੀ। ਸਾਬਕਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਇੱਥੇ ਬਣਦੇ ਪੁਰਾਤਨ ਬਰਤਨਾਂ ਨੂੰ ਮੌਜੂਦਾ ਡਿਜ਼ਾਈਨ ਨਾਲ ਤਿਆਰ ਕਰਵਾਇਆ। ਇਨ੍ਹਾਂ ਦੀ ਮੰਡੀ ਲੱਭਣ ਲਈ ਯਤਨ ਸ਼ੁਰੂ ਕੀਤੇ ਗਏ। ਇਸ ਸਬੰਧੀ 11 ਠਠੇਰਿਆਂ ਨੂੰ ਸ਼ਾਮਲ ਕਰਕੇ ਪੰਜਾਬ ਠਠੇਰਾ ਆਰਟ ਲੈਗੇਸੀ ਨਾਂ ਦੀ ਸੁਸਾਇਟੀ ਰਜਿਸਟਰਡ ਕਰਾਈ ਗਈ ਅਤੇ ਪੀ-ਤਲ ਦੇ ਨਾਂ ਹੇਠ ਕੰਮ ਸ਼ੁਰੂ ਕੀਤਾ ਗਿਆ। ਉਤਪਾਦਾਂ ਨੂੰ ਵਿਸ਼ਵ ਦੇ ਬਾਜ਼ਾਰ ਵਿਚ ਵੇਚਣ ਲਈ ਇਸ ਵੈੱਬਸਾਈਟ ’ਤੇ ਪ੍ਰਦਰਸ਼ਿਤ ਕੀਤਾ ਗਿਆ, ਜਿਸ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਹੁਣ ਇਹ ਮੁੜ ਆਪਣੇ ਪੈਰਾਂ ਭਾਰ ਹੋਣ ਲੱਗ ਪਿਆ ਹੈ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਹ ਸਨਮਾਨ ਪ੍ਰਾਪਤ ਕਰਨ ਮਗਰੋਂ ਇਸ ਵਿਰਾਸਤ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।