ਉਮੀਦਵਾਰ ਦੇ ਵੇਰਵੇ ਵੈੱਬਸਾਈਟਾਂ, ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ ਜਾਣ ਦੇ ਨਾਲ ਅਖਬਾਰਾਂ ਵਿਚ ਹੋਣਗੇ ਪਬਲਿਸ਼
ਨਵੀਂ ਦਿੱਲੀ 7 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਵਕੀਲ ਸਰਦਾਰ ਕੁਲਜੀਤ ਸਿੰਘ ਸੱਚਦੇਵਾ ਵਲੋਂ ਦਿੱਲੀ ਦੀ ਹਾਈ ਕੋਰਟ ਅੰਦਰ ਗੁਰਦੁਆਰਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਤੇ ਚਲ ਰਹੇ ਅਪਰਾਧੀਕ ਮੁਕੱਦਮਿਆਂ ਦਾ ਵੇਰਵਾ ਲਿਖਣਾ ਅਤੇ ਵੈਬਸਾਈਟ ਤੇ ਲਾਜ਼ਮੀ ਤੌਰ ਤੇ ਅਪਲੋਡ ਕਰਣ ਦੀ ਅਪੀਲ ਦਾਇਰ ਕੀਤੀ ਸੀ ਜਿਸ ਤੇ ਅਦਾਲਤ ਵਲੋਂ ਉਨ੍ਹਾਂ ਦੀ ਅਪੀਲ ਤੇ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਜਾਣ ਵਾਲੇ ਫਾਰਮ ਨਾਲ ਹੁਣ ਉਨ੍ਹਾਂ ਨੂੰ ਇਕ ਨਵਾਂ ਫਾਰਮ ਵੀ ਭਰਨਾ ਲਾਜ਼ਮੀ ਕਰ ਦਿੱਤਾ ਹੈ । ਇਸ ਫਾਰਮ ਵਿੱਚ ਉਨ੍ਹਾਂ ਨੂੰ ਮੋਟੇ ਅੱਖਰਾਂ ਵਿੱਚ ਆਪਣੇ ਵਿਰੁੱਧ ਦਰਜ ਸਾਰੇ ਬਕਾਇਆ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦੇਣੀ ਹੋਵੇਗੀ। ਸਰਦਾਰ ਸੱਚਦੇਵਾ ਨੇ ਦਸਿਆ ਕਿ ਉਨ੍ਹਾਂ ਨੇ ਅਦਾਲਤ ਨੂੰ ਸੁਪਰੀਮ ਕੋਰਟ ਦੇ ਸਾਲ 2011 ਅਤੇ 2019 ਵਿਚ ਦਿੱਤੇ ਗਏ ਦੋ ਆਦੇਸ਼ਾਂ ਬਾਰੇ ਦਸਿਆ ਕਿ ਜਿਸ ਤਰ੍ਹਾਂ ਰਾਜ ਅਤੇ ਦੇਸ਼ ਦੀ ਚੋਣ ਪ੍ਰਕਰੀਆ ਅੰਦਰ ਉਮੀਦਵਾਰ ਨੂੰ ਆਪਣੇ ਸਾਰੇ ਵੇਰਵੇ ਦੇਣੇ ਪੈਂਦੇ ਹਨ ਇਸੇ ਤਰ੍ਹਾਂ ਇਹ ਨਿਯਮ ਦਿੱਲੀ ਗੁਰੂਦੁਆਰਾ ਕਮੇਟੀ ਦੇ ਚੋਣਾਂ ਤੇ ਵੀ ਲਾਗੂ ਕੀਤੀ ਜਾਏ। ਅਦਾਲਤ ਦੇ ਹੁਕਮਾਂ ਤੋਂ ਬਾਅਦ ਹੁਣ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧਾਉਣ ਲਈ ਇਹ ਫੈਸਲਾ ਲਿਆ ਹੈ। ਗੁਰਦੁਆਰਾ ਚੋਣ ਡਾਇਰੈਕਟੋਰੇਟ ਅਨੁਸਾਰ ਇਹ ਪਹਿਲਕਦਮੀ ਖਾਸ ਤੌਰ 'ਤੇ ਉਮੀਦਵਾਰਾਂ ਵਿਰੁੱਧ ਲੰਬਿਤ ਅਪਰਾਧਿਕ ਮਾਮਲਿਆਂ ਨੂੰ ਦੂਰ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਦਾਲਤ ਵਲੋਂ ਦਿੱਤੇ ਗਏ ਫੈਸਲੇ ਨੂੰ ਲਾਗੂ ਕਰਣ ਲਈ ਗੁਰਦੁਆਰਾ ਚੋਣ ਡਾਇਰੈਕਟੋਰੇਟ ਲੋੜ ਅਨੁਸਾਰ ਨਿਯਮਾਂ ਵਿੱਚ ਸੋਧ ਕਰਕੇ ਇਨ੍ਹਾਂ ਪਾਰਦਰਸ਼ੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕਦਮ ਚੁੱਕਣੇ ਪੈਣਗੇ । ਸਿਆਸੀ ਪਾਰਟੀਆਂ ਇਹ ਯਕੀਨੀ ਬਣਾਉਣਗੀਆਂ ਕਿ ਉਨ੍ਹਾਂ ਵਲੋਂ ਚੋਣ ਲੜਨ ਵਾਲੇ ਉਮੀਦਵਾਰ ਦੇ ਪੂਰੇ ਵੇਰਵੇ ਉਨ੍ਹਾਂ ਦੀਆਂ ਵੈੱਬਸਾਈਟਾਂ, ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ ਜਾਣ ਦੇ ਨਾਲ ਅਖਬਾਰਾਂ ਵਿਚ ਪਬਲਿਸ਼ ਕੀਤੇ ਜਾਣ । ਤਾਂ ਜੋ ਆਮ ਵੋਟਰਾਂ ਨੂੰ ਇਨ੍ਹਾਂ ਮਾਮਲਿਆਂ ਬਾਰੇ ਜਾਣਕਾਰੀ ਮਿਲ ਸਕੇ। ਜੇਕਰ ਓਹ ਇਸ ਮਾਮਲੇ ਨੂੰ ਅਣਦੇਖੀ ਕਰਦੇ ਹਨ ਤਾਂ ਸੁਪਰੀਮ ਕੋਰਟ ਉਨ੍ਹਾਂ ਤੇ ਬਣਦੀ ਕਾਰਵਾਈ ਕਰ ਸਕਦੀ ਹੈ ।