ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਜੀ ਨੇ ਭਰੀ ਹਾਜ਼ਿਰੀ
ਨਵੀਂ ਦਿੱਲੀ/ਪਟਨਾ ਸਾਹਿਬ 17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਪੰਥ ਦੇ ਨੌਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਕੀਰਤਨੀ ਜੱਥੇ ਵਲੋਂ ਤਖਤ ਪਟਨਾ ਸਾਹਿਬ ਵਿਖੇ ਕੀਰਤਨੀ ਅਖਾੜੇ ਸਜਾਏ ਗਏ । ਇਸ ਮੌਕੇ ਤਖਤ ਪਟਨਾ ਸਾਹਿਬ ਜੀ, ਗੁਰੂਦੁਆਰਾ ਬਾਲ ਲੀਲਾ ਸਾਹਿਬ, ਗੁਰਦੁਆਰਾ ਕੰਗਨ ਘਾਟ ਵਿਖੇ ਦਿਵਸ ਅਤੇ ਸੰਧਿਆਂ ਦੇ ਦੀਵਾਨ ਲਗਾਏ ਗਏ ਸਨ ਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਕੀਰਤਨ ਰੈਣ ਸਬਾਈ ਦੇ ਅਖਾੜੇ ਸਜਾਏ ਗਏ । ਸਮਾਗਮ ਵਿਚ ਉਚੇਚੇ ਤੌਰ ਤੇ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਨ ਉੱਥੇ ਹੀ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਅਤੇ ਪਿਤਾ ਜੀ ਭਾਈ ਤਰਸੇਮ ਨੇ ਵੀ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨਾਲ ਆਪਣੀ ਹਾਜ਼ਿਰੀ ਭਰੀ ਸੀ । ਭਾਈ ਜਗਜੀਤ ਸਿੰਘ ਯੂਐਸ, ਭਾਈ ਦੀਦਾਰ ਸਿੰਘ ਯੂਐਸ, ਭਾਈ ਕੁਲਵੰਤ ਸਿੰਘ ਕਾਕੀਪਿੰਡ, ਭਾਈ ਸੁਰਿੰਦਰ ਸਿੰਘ ਬਰੇਲੀ, ਭਾਈ ਅੰਮ੍ਰਿਤਪਾਲ ਸਿੰਘ ਲੁਧਿਆਣਾ ਸਮੇਤ ਬਹੁਤ ਸਾਰੇ ਸਿੰਘ ਸਿੰਘਣੀਆਂ ਨੇ ਕੀਰਤਨੀ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਸੀ ਓਥੇ ਨਾਲ ਹੀ ਅਖੰਡ ਕੀਰਤਨੀ ਜੱਥਾ ਦਿੱਲੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ, ਸਾਬਕਾ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਸੰਗਤਾਂ ਨਾਲ ਹਾਜ਼ਿਰੀ ਭਰੀ ਸੀ । ਸੰਗਤਾਂ ਦੀ ਰਿਹਾਇਸ਼ ਦਾ ਇੰਤਜਾਮ ਪ੍ਰਬੰਧਕਾਂ ਵਲੋਂ ਗੁਰਦੁਆਰਾ ਸਾਹਿਬ ਦੇ ਵੱਖ ਵੱਖ ਰਿਹਾਇਸ਼ੀ ਅਸਥਾਨਾਂ ਤੇ ਅਤੇ ਲੰਗਰ ਗੁਰੂ ਗੋਬਿੰਦ ਸਿੰਘ ਸਕੂਲ ਵਿਖੇ ਕੀਤੇ ਗਏ ਸਨ । ਅਖੰਡ ਕੀਰਤਨੀ ਜਥੇ ਵਲੋਂ ਸਮਾਗਮ ਉਲੀਕਣ ਅਤੇ ਉਸਾਰੂ ਪ੍ਰਬੰਧ ਲਈ ਤਖਤ ਪਟਨਾ ਸਾਹਿਬ ਜੀ ਦੀ ਕਮੇਟੀ ਦਾ ਧੰਨਵਾਦ ਕੀਤਾ ਗਿਆ ।