ਚੈਂਪੀਅਨਸ਼ਿਪ ਵਿੱਚ ਲਗਭਗ 1200 ਖਿਡਾਰੀ ਅਤੇ 200 ਅਧਿਕਾਰੀ ਲੈਣਗੇ ਹਿੱਸਾ
ਤਲਵੰਡੀ ਸਾਬੋ, 17 ਦਸੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਦੀ ਚਾਰ ਰੋਜ਼ਾ “ਸਾਉਥ-ਵੈਸਟ ਜ਼ੋਨ ਤੀਰ-ਅੰਦਾਜ਼ੀ ਚੈਂਪੀਅਨਸ਼ਿਪ” ਦਾ ਆਗਾਜ਼ ਮਿਤੀ 19 ਦਸੰਬਰ ਤੋਂ ਹੋਵੇਗਾ। ਉਦਘਾਟਨੀ ਸਮਾਰੋਹ ਵਿੱਚ ਡਾ. ਡੀ.ਕੇ. ਸਿੰਘ ਡਾਇਰੈਕਟਰ ਏਮਜ਼, ਬਠਿੰਡਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਉਪ ਕੁਲਪਤੀ ਗੁਰੂ ਕਾਸ਼ੀ ਯੂਨੀਵਰਸਿਟੀ ਪ੍ਰੋ.(ਡਾ.) ਐਸ.ਕੇ.ਬਾਵਾ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਜੀ.ਕੇ.ਯੂ. ਵੱਲੋਂ ਬੀਤੇ ਦਿਨੀਂ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਕੀਤੀ “ਆਲ ਇੰਡੀਆ ਇੰਟਰ ਯੂਨੀਵਰਸਿਟੀ ਤੀਰ-ਅੰਦਾਜ਼ੀ” ਦੀ ਸਫ਼ਲ ਮੇਜ਼ਬਾਨੀ ਕਾਰਨ ਆਲ ਇੰਡੀਆ ਯੂਨੀਵਰਸਿਟੀ ਐਸੋਸਿਏਸ਼ਨ ਵੱਲੋਂ “ਸਾਉਥ ਵੈਸਟ ਜ਼ੋਨ ਤੀਰ-ਅੰਦਾਜ਼ੀ ਚੈਂਪੀਅਨਸ਼ਿਪ” ਦੇ ਆਯੋਜਨ ਲਈ ਜੀ.ਕੇ.ਯੂ. ਨੂੰ ਚੁਣਿਆ ਗਿਆ ਹੈ। ਇਸ ਚੈਂਪੀਅਨਸ਼ਿਪ ਵਿੱਚ 100 ਤੋਂ ਵੱਧ ਯੂਨੀਵਰਸਿਟੀਆਂ ਦੇ 1200 ਦੇ ਲਗਭਗ ਖਿਡਾਰੀ ਅਤੇ ਖਿਡਾਰਨਾਂ ਹਿੱਸਾ ਲੈਣਗੀਆਂ। ਚਾਰ ਰੋਜ਼ਾ ਚੈਂਪੀਅਨਸ਼ਿਪ ਲਈ ਲਗਭਗ 200 ਅਧਿਕਾਰੀ ਅਤੇ ਵਲੰਟੀਅਰ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਚੰਡੀਗੜ੍ਹ ਵਿਖੇ ਸੰਪੰਨ ਹੋਈ ਕੁਸ਼ਤੀ ਚੈਂਪੀਅਨਸ਼ਿੱਪ ਵਿੱਚ ‘ਵਰਸਿਟੀ ਦੇ ਖਿਡਾਰੀਆਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਦੀ ਸ਼ਲਾਘਾ ਵੀ ਕੀਤੀ। ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਲਈ ਆਧੁਨਿਕ ਸੁਵਿਧਾਵਾਂ ਨਾਲ ਲੈਸ ਵਰਸਿਟੀ ਦੇ ਨਵੇਂ ਖੇਡ ਸਟੇਡੀਅਮ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਯੋਜਨ ਦੇ ਮੰਤਵ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਆਕਰਸ਼ਣ, ਤੰਦਰੁਸਤ ਸਿਹਤ ਪ੍ਰਤੀ ਜਾਗਰੂਕਤਾ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਚੈਂਪੀਅਨਸ਼ਿੱਪ ਲਈ ਨਿੱਘਾ ਸਦਾ ਵੀ ਦਿੱਤਾ।
ਕੈਪਸ਼ਨ- ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ