ਤਲਵੰਡੀ ਸਾਬੋ/ਬਠਿੰਡਾ, 17 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਮਾਣਯੋਗ ਡੀ.ਜੀ.ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱੱਸ ਐੱਸ.ਐੱਸ.ਪੀ ਬਠਿੰਡਾ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਿਲ੍ਹੇ ਵਿੱਚ ਸ਼ਰਾਰਤੀ ਅਨਸਰਾਂ ਤੇ ਨਕੇਲ ਕਸਣ ਲਈ ਸਪੈਸ਼ਲ ਨਾਕਾਬੰਦੀਆਂ, ਪੈਟਰੋਲਿੰਗ ਪਾਰਟੀਆਂ ਦਿਨ ਰਾਤ ਗਸ਼ਤ ਕਰਦੀਆਂ ਹਨ। 15 ਦਸੰਬਰ 2023 ਨੂੰ ਤਲਵੰਡੀ ਸਾਬੋ ਦੇ ਇਲਾਕੇ ਵਿੱਚ 3 ਲੱਖ ਰੁਪਏ ਦੀ ਹੋਈ ਖੋਹ ਨੂੰ ਬਠਿੰਡਾ ਪੁਲਿਸ ਵੱਲੋਂ ਟਰੇਸ ਕਰਕੇ ਸਫਲਤਾ ਹਾਸਲ ਕੀਤੀ ਗਈ। ਐੱਸ.ਐੱਸ.ਪੀ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 15 ਦਸੰਬਰ 2023 ਨੂੰ ਬਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਬਹਿਮਣ ਕੌਰ ਸਿੰਘ ਵਾਲਾ ਜਿਲ੍ਹਾ ਬਠਿੰਡਾ ਅਤੇ ਸ਼ਿਕੰਦਰ ਸਿੰਘ ਉਰਫ ਨਿੱਕਾ ਪੁੱਤਰ ਰੁਲਦੂ ਸਿੰਘ ਵਾਸੀ ਪਿੰਡ ਸੀਂਗੋ ਬਠਿੰਡਾ ਜੋ ਮੋਟਰਸਾਈਕਲ 'ਤੇ ਸੈਂਟਰਲ ਬੈਂਕ ਤਲਵੰਡੀ ਸਾਬੋ ਤੋਂ ਤਿੰਨ ਲੱਖ ਰੁਪਏ ਕਢਵਾ ਕੇ ਪਿੰਡ ਜਗਾ ਰਾਮ ਤੀਰਥ ਤੋਂ ਲਿੰਕ ਰੋਡ ਪਿੰਡ ਬਹਿਮਣ ਕੌਰ ਸਿੰਘ ਵਾਲਾ ਨੂੰ ਜਾ ਰਹੇ ਸੀ ਤਾਂ ਸਿੰਕਦਰ ਸਿੰਘ ਉਰਫ ਨਿੱਕਾ ਮੋਟਰਸਾਈਕਲ ਰੋਕ ਕੇ ਪਿਸ਼ਾਬ ਕਰਨ ਲੱਗਾ ਤਾਂ ਪਿੱਛੋਂ ਇੱਕ ਨਾ-ਮਲੂਮ ਮੋਟਰਸਾਈਕਲ ਸਵਾਰ ਨੌਜਵਾਨ ਨੇ ਬਿੰਦਰ ਸਿੰਘ ਉਕਤ ਨੂੰ ਕਾਪੇ ਨਾਲ ਡਰਾ ਕੇ ਉਸ ਪਾਸੋ ਪੈਸੇ ਖੋਹ ਕਰ ਲੈ ਗਿਆ, ਜਿਸ ਸਬੰਧੀ ਮੁੱਕਦਮਾ ਨੰਬਰ 268 ਮਿਤੀ 16 ਦਸੰਬਰ 2023 ਧਾਰਾ ਅ/ਧ 379 ਬੀ,120-ਬੀ IPC ਤਹਿਤ ਥਾਣਾ ਤਲਵੰਡੀ ਸਾਬੋ ਦਰਜ ਰਜਿਸਟਰ ਕੀਤਾ ਗਿਆ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਅਜੇ ਗਾਂਧੀ ਆਈਪੀਐੱਸ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਤਾਂ ਸੀਆਈਏ ਸਟਾਫ-1 ਬਠਿੰਡਾ ਦੀ ਟੀਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਅਤੇ ਪਤਾ ਲੱਗਿਆ ਕਿ ਇਹ ਵਾਰਦਾਤ ਸ਼ਿਕੰਦਰ ਸਿੰਘ ਉਰਫ ਨਿੱਕਾ ਨੇ ਆਪਣੇ ਸਾਥੀ ਨਾਲ ਰਲਕੇ ਕੀਤੀ ਹੈ ਜਿਸ 'ਤੇ ਪੁਲਿਸ ਪਾਰਟੀ ਵੱਲੋਂ ਮਿਤੀ 16 ਦਸੰਬਰ 2023 ਨੂੰ ਬਾ ਪਿੰਡ ਸੀਗੋਂ ਤੋਂ ਦੋਸ਼ੀਅਨ ਸਿਕੰਦਰ ਸਿੰਘ ਉਰਫ ਨਿੱਕਾ ਪੁੱਤਰ ਰੁਲਦੂ ਸਿੰਘ, ਸੁਖਚੈਨ ਸਿੰਘ ਉਰਫ ਸੁੱਚਾ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਪਿੰਡ ਸੀਂਗੋ ਜਿਲਾ ਬਠਿੰਡਾ ਕਾਬੂ ਕਰਕੇ ਉਹਨਾਂ ਕੋਲੋਂ ਖੋਹੇ 2 ਲੱਖ 90 ਹਜਾਰ ਰੁਪਏ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਨੰਬਰ PB-45-7030 ਬਰਾਮਦ ਕਰਾਇਆ। ਦੋਸ਼ੀਅਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਮੁਤਾਬਿਕ ਉਕਤ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈ ਅਤੇ ਉਕਤ ਖੇਤੀਬਾੜੀ ਕਰਦੇ ਹਨ।