You are here

ਕਾਉਂਕੇ ਕਲਾਂ ਵਿਖੇ ਪੰਚਾਇਤ ਵੱਲੋਂ ਅਧਿਆਪਕਾਂ ਦਾ ਸਨਮਾਨ

ਅਧਿਆਪਕ ਮੋਮਬੱਤੀ ਦੀ ਤਰਾਂ ਪਿਘਲਕੇ ਦੂਜਿਆਂ ਨੂੰ ਚਾਨਣ ਵੰਡਦਾ ਹੈ-ਸਰਪੰਚ ਜਗਜੀਤ ਸਿੰਘ ਕਾਉਂਕੇ

ਜਗਰਾਉਂ, 6 ਸੰਤਬਰ 2019 (ਪ੍ਰੇਮ ਚੀਮਾ, ਮਨਜਿੰਦਰ ਗਿੱਲ)-

ਸਰਕਾਰੀ ਕੰਨਿਆਂ ਹਾਈ ਸਕੂਲ ਪੱਤੀ ਸ਼ਾਮ ਸਿੰਘ ਕਾਉਂਕੇ ਕਲਾਂ ਵਿਖੇ ਅਧਿਆਪਕ ਦਿਵਸ ਮੌਕੇ ਗਰਾਮ ਪੰਚਾਇਤ ਪਿੰਡ ਕਾਉਂਕੇ ਕਲਾਂ ਵੱਲੋਂ ਸਰਪੰਚ ਜਗਜੀਤ ਸਿੰਘ ਕਾਉਂਕੇ ਦੀ ਅਗਵਾਈ ਵਿੱਚ ਸਮੂਹ ਅਧਿਆਪਕਾਂ ਦਾ ਟਰਾਫੀਆਂ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਸਰਪੰਚ ਜਗਜੀਤ ਸਿੰਘ ਨੇ ਆਖਿਆ ਕਿ ਅਧਿਆਪਕ ਇੱਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ, ਜੋ ਖੁਦ ਪਿਘਲਕੇ ਦੂਜਿਆਂ ਨੂੰ ਚਾਨਣ ਵੰਡਦਾ ਹੈ ਅਤੇ ਅਧਿਆਪਕ ਤੋਂ ਸਿੱਖਿਆ ਲਏ ਬਿਨਾਂ ਕੋਈ ਵੀ ਵਿਦਿਆਰਥੀ ਆਪਣੇ ਜੀਵਨ ਵਿੱਚ ਉਚੇ ਮੁਕਾਮ ਹਾਸਲ ਨਹੀਂ ਕਰ ਸਕਦਾ। ਉਹਨਾਂ ਆਖਿਆ ਕਿ ਸਾਨੂੰ ਆਪਣੇ ਅਧਿਆਪਕ ਗੁਰੂਆਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ, ਜਿੰਨਾਂ ਨੇ ਸਾਡੇ ਜੀਵਨ ਨੂੰ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਰਾਜਿੰਦਰ ਸਿੰਘ ਸਿੱਧੂ ਨੇ ਗਰਾਮ ਪੰਚਾਇਤ ਦਾ ਸਵਾਗਤ ਕਰਦਿਆਂ ਆਖਿਆ ਕਿ ਭਾਵੇਂ ਅਧਿਆਪਨ ਇੱਕ ਪੇਸ਼ਾ ਹੈ, ਪਰੰਤੂ ਅਧਿਆਪਕ ਹੀ ਹੈ ਜੋ ਬੱਚਿਆਂ ਦੇ ਹੁਨਰ ਨੂੰ ਨਿਖਾਰਦਾ ਹੈ ਅਤੇ ਉਹਨਾਂ ਦਾ ਮਾਰਗ ਦਰਸ਼ਨ ਕਰਦਾ ਹੈ। ਉਹਨਾਂ ਆਖਿਆ ਕਿ ਜ਼ਿੰਦਗੀ ਵਿੱਚ ਇੱਕ ਅਧਿਆਪਕ ਹੀ ਹੈ, ਜਿਸਦੇ ਦਰਸਾਏ ਮਾਰਗ 'ਤੇ ਚੱਲਕੇ ਇਨਸਾਨ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਸਕਦਾ ਹੈ। ਗਰਾਮ ਪੰਚਾਇਤ ਵੱਲੋਂ ਪਹੁੰਚੇ ਸਾਬਕਾ ਸਰਪੰਚ ਚਰਨਜੀਤ ਸਿੰਘ, ਸੂਬੇਦਾਰ ਹਰਨੇਕ ਸਿੰਘ, ਐਸ.ਐਮ.ਸੀ.ਦੇ ਚੇਅਰਮੈਨ ਗੁਰਸੇਵਕ ਸਿੰਘ ਅਤੇ ਮਾ:ਨਛੱਤਰ ਸਿੰਘ ਆਦਿ ਨੇ ਆਖਿਆ ਕਿ ਪੂਰੇ ਕਾਉਂਕੇ ਪਿੰਡ ਨੂੰ ਕੰਨਿਆਂ ਹਾਈ ਸਕੂਲ ਦੇ ਸਮੁੱਚੇ ਅਧਿਆਪਕਾਂ ਉਪਰ ਮਾਣ ਹੈ, ਜਿਨ੍ਹਾਂ ਨੇ ਦ੍ਰਿੜ ਲਗਨ ਅਤੇ ਸਖਤ ਮਿਹਨਤ ਕਰਕੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਅਧਿਆਪਕ ਕੁਲਦੀਪ ਸਿੰਘ, ਮਹਿੰਦਰਪਾਲ ਸਿੰਘ, ਏਕਮ ਸਿੰਘ, ਵੀਨਾਂ ਰਾਣੀ, ਰਛਪਾਲ ਕੌਰ ਸਿੱਧੂ, ਕੁਲਦੀਪ ਕੌਰ, ਹਰਪ੍ਰੀਤ ਕੌਰ ਚੀਮਾਂ, ਜਸਪ੍ਰੀਤ ਕੌਰ, ਕਿਰਨ ਬਾਲਾ, ਤੇਜਿੰਦਰ ਕੌਰ, ਸ਼ੁਭਲਕਸ਼ਨ ਕੌਰ, ਅਮਨਦੀਪ ਕੌਰ, ਸ਼ਬਨਮ ਰਤਨ, ਰਾਧਾ ਰਾਣੀ, ਰਣਬੀਰ ਕੌਰ ਆਦਿ ਨੇ ਅਧਿਆਪਕ ਦਿਵਸ ਮੌਕੇ ਖੁਸ਼ੀ ਦਾ ਇਜ਼ਹਾਰ ਕੀਤਾ।