You are here

ਜਮਹੂਰੀ ਅਧਿਕਾਰ ਸਭਾ ਦੀ ਮੀਟਿੰਗ ਦੌਰਾਨ ਲੋਕ ਮਸਲੇ ਉਭਾਰਨ ਜਲਦੀ ਲਏ ਅਹਿਮ ਫ਼ੈਸਲੇ

ਲੁਧਿਆਣਾ , 22 ਅਕਤੂਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )  ਜਮਹੂਰੀ ਅਧਿਕਾਰ ਸਭਾ ਪੰਜਾਬ (ਜਿਲ੍ਹਾ ਲੁਧਿਆਣਾ) ਦੀ ਮੀਟਿੰਗ ਅੱਜ ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਵਿੱਖੇ ਜਸਵੰਤ ਜੀਰਖ ਦੀ ਪ੍ਰਧਾਨਗੀ ‘ਚ ਹੋਈ। ਇਸ ਸਮੇਂ ਦੇਸ਼ ਦੇ ਮੌਜੂਦਾ ਹਾਲਾਤਾਂ ਉੱਪਰ ਚਰਚਾ ਦੌਰਾਨ ਸੂਬਾ ਕਮੇਟੀ ਵਿੱਚ ਪਾਸ ਹੋਏ ਨੁਕਤਿਆਂ ਦੀ ਰੌਸ਼ਨੀ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਇਹਨਾਂ ਵਿੱਚ ਮੁੱਖ ਤੌਰ ਤੇ ਦੇਸ਼ ਵਿੱਚ ਰਾਜ ਕਰਦਾ ਸ਼੍ਰੇਣੀ ਅਤੇ  ਸਿਆਸਤਦਾਨਾ ਵੱਲੋ ਦੇਸ਼ ਨੂੰ ਹਰ ਪੱਖ ਤੋਂ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਆਮ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਦਰੜੇ ਜਾਣ ਬਾਰੇ ਗੰਭੀਰਤਾ ਨਾਲ ਵਿਚਾਰਿਆ ਗਿਆ।ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਇਸ ਬਾਰੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਕੱਢੇ ਜਾ ਰਹੇ ਇਕ ਵਿਸ਼ੇਸ਼ ਹੱਥ ਪਰਚੇ ਨੂੰ ਆਮ ਲੋਕਾਂ ਤੱਕ ਲੈ ਜਾਣ ਬਾਰੇ ਪ੍ਰੋਗਰਾਮ ਤਹਿ ਕਰਨ ਲਈ ਜਾਣਕਾਰੀ ਦਿੱਤੀ ਜੋ ਕਿ 15 ਨਵੰਬਰ ਤੱਕ ਛਪਕੇ ਸਾਰੀਆਂ ਇਕਈ ਕੋਲ ਪੁੱਜ ਜਾਵੇਗਾ। ਇਸ ਬਾਰੇ ਪ੍ਰੋਗਰਾਮ ਬਣਾਉਂਦਿਆਂ ਮਨੁੱਖੀ ਅਧਿਕਾਰਾਂ ਦੇ ਦਿਨ 10 ਦਸੰਬਰ ਨੂੰ ਮੁੱਖ ਰੱਖਦੇ ਹੋਏ, ਜਿਲ੍ਹਾ ਲੁਧਿਆਣਾ ਇਕਾਈ ਵੱਲੋਂ ਲੋਕਾਂ ਦਾ ਧਿਆਨ ਦੇਸ਼ ਪ੍ਰਤੀ ਮੁੱਦਿਆਂ ਉੱਪਰ ਕੇਂਦਰਤ ਕਰਨ ਲਈ ਸਕੂਲਾਂ, ਕਾਲਜਾਂ, ਲੋਕ ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਅਸਲ ਮੁੱਦਿਆਂ ਪ੍ਰਤੀ ਚੇਤਨ ਕਰਨ ਦੀ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਮਨੀਪੁਰ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਅੱਖੀਂ ਵੇਖੇ ਹਾਲ ਦਾ ਵਰਨਣ ਕਰਦਿਆਂ ਜਸਵੰਤ ਜੀਰਖ ਨੇ ਦੱਸਿਆ ਕਿ ਇਹ ਸਭ ਕੁੱਝ  ਤਹਿਸ਼ੁਦਾ ਯੋਜਨਾ ਤਹਿਤ ਸਰਕਾਰੀ ਸ਼ਹਿ ਹੇਠ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਵਾਪਰਿਆ। ਇਸੇ ਕਰਕੇ ਲੋਕਾਂ ਦੀ ਰਾਖੀ ਕਰਨ ਵਾਲੀ ਕੋਈ ਸਰਕਾਰੀ ਸ਼ਕਤੀ ਲੋਕਾਂ ਦੀ ਰੱਖਿਆ ਲਈ ਨਹੀਂ ਆਈ, ਸਗੋਂ ਮੂਕਦ੍ਰਸ਼ਕ ਬਣਕੇ ਸਾੜਫੂਕ ਕਰਨ ਵਾਲਿਆਂ ਦੇ ਪੱਖ ਵਿੱਚ ਭੁਗਤੀ।
ਮੀਟਿੰਗ ਦੌਰਾਨ ਤਹਿ ਕੀਤਾ ਗਿਆ ਕਿ ਚੋਣਾਂ ਵਿੱਚ  ਵਰਤੀਆਂ ਜਾਂਦੀਆਂ ਮਸ਼ੀਨਾਂ (ਈ ਵੀ ਐਮ) ਰਾਹੀਂ ਹੋ ਰਹੀਆਂ ਬੇ ਨਿਯਮੀਆਂ ਬਾਰੇ ਲੋਕਾਂ ਵਿੱਚ ਜਾਂਗ੍ਰਤੀ ਪੈਦਾ ਕਰਨ ਲਈ ਇੱਕ ਵਿਸ਼ੇਸ਼ ਸੈਮੀਨਾਰ 29 ਅਕਤੂਬਰ ਨੂੰ ਕਰਵਾਇਆ ਜਾਵੇ । ਇਹ ਸੈਮੀਨਾਰ ਜਮਹੂਰੀ ਅਧਿਕਾਰ ਸਭਾ ਅਤੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਸਹਿਯੋਗ ਨਾਲ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿੱਚ ਕੀਤਾ ਜਾਵੇਗਾ । ਇਸ ਵਿੱਚ ਡਾ ਬਲਵਿੰਦਰ ਸਿੰਘ ਔਲਖ ਇਸ ਮਸ਼ੀਨ ਦੀ ਸਮੁੱਚੀ ਭੂਮਿਕਾ ਬਾਰੇ ਜਾਣਕਾਰੀ ਦੇਣਗੇ। ਸਭਾ ਦੇ ਸੂਬਾ ਇਜਲਾਸ ਲਈ ਜ਼ਿਲ੍ਹਿਆਂ ਦੀਆਂ ਮੈਂਬਰਸ਼ਿਪਾਂ ਅਤੇ ਚੋਣਾਂ ਕਰਨ ਸਮੇਤ ਸਭਾ ਦੇ ਐਲਨਨਾਮੇਂ ਵਿੱਚ ਲੋੜੀਂਦੀਆਂ ਸੋਧਾਂ ਕਰਨ ਬਾਰੇ ਵੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੋਗਰਾਮ ਤਹਿ ਕੀਤਾ ਗਿਆ। ਮੀਟਿੰਗ ਵਿੱਚ ਪ੍ਰੋ ਏ ਕੇ ਮਲੇਰੀ, ਡਾ ਹਰਬੰਸ ਗਰੇਵਾਲ, ਐਡਵੋਕੇਟ ਹਰਪ੍ਰੀਤ ਜੀਰਖ, ਮਾ ਪ੍ਰਮਜੀਤ ਪਨੇਸਰ, ਪ੍ਰਿੰਸੀਪਲ ਅਜਮੇਰ ਦਾਖਾ, ਪ੍ਰਮਜੀਤ ਸਿੰਘ ਕੈਸ਼ੀਅਰ, ਰਾਕੇਸ਼ ਆਜ਼ਾਦ, ਕਰਤਾਰ ਸਿੰਘ ਸ਼ਾਮਲ ਸਨ।