You are here

ਸਟੇਟ ਐਵਾਰਡੀ ਰਾਜਪਾਲ ਕੌਰ ਨੇ ਪਤੀ ਪਰਮਜੀਤ ਸਿੰਘ ਸਮੇਤ ਵਿਆਹ ਵਰੇਗੰਢ ਮੌਕੇ ਕੀਤਾ ਖੂਨਦਾਨ

ਇਹ ਸੁਪਰ ਖੂਨਦਾਨੀ ਜੋੜੀ ਹੋਰਨਾਂ ਲਈ ਪ੍ਰੇਰਨਾ ਸਰੋਤ - ਲੂੰਬਾ

ਮੋਗਾ (ਜਸਵਿੰਦਰ ਸਿੰਘ ਰੱਖਰਾ) 20 ਵਾਰ ਖੂਨਦਾਨ ਕਰਕੇ ਪਿਛਲੇ ਸਾਲ ਪਟਿਆਲਾ ਵਿਖੇ ਹੋਏ ਰਾਜ ਪੱਧਰੀ ਸਨਮਾਨ ਸਮਾਰੋਹ ਵਿੱਚ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੱਥੋਂ ਸਟੇਟ ਐਵਾਰਡ ਹਾਸਲ ਕਰਨ ਵਾਲੀ ਮੋਗਾ ਜਿਲ੍ਹੇ ਦੀ ਪਹਿਲੀ ਔਰਤ ਰਾਜਪਾਲ ਕੌਰ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਆਪਣੇ ਪਤੀ ਮਾ. ਪਰਮਜੀਤ ਸਿੰਘ ਸਮੇਤ ਬਲੱਡ ਬੈਂਕ ਫਾਜਿਲਕਾ ਵਿਖੇ ਖੂਨਦਾਨ ਕੀਤਾ । ਜਿਕਰਯੋਗ ਹੈ ਕਿ ਰਾਜ ਪੱਧਰੀ ਖੇਡਾਂ ਕਾਰਨ ਇਹ ਜੋੜੀ ਖੇਡਾਂ ਵਿੱਚ ਭਾਗ ਲੈਣ ਲਈ ਫਾਜਿਲਕਾ ਗਈ ਹੋਈ ਸੀ।ਇਹ ਜੋੜੀ ਆਪਣਾ ਹਰ ਜਨਮ ਦਿਨ ਅਤੇ ਵਿਆਹ ਵਰੇਗੰਢ ਖੂਨਦਾਨ ਕਰਕੇ ਮਨ ਆਉੰਦੇ ਹਨ ਤੇ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਬਲੱਡ ਬੈਂਕ ਸਿਵਲ ਹਸਪਤਾਲ ਫਾਜਿਲਕਾ ਪਹੁੰਚ ਕੇ ਖੂਨਦਾਨ ਕੀਤਾ। ਇਹ ਵੀ ਜਿਕਰਯੋਗ ਹੈ ਕਿ ਉਨ੍ਹਾਂ ਦੇ ਪਤੀ ਮਾ ਪਰਮਜੀਤ ਸਿੰਘ ਵੀ ਹੁਣ  ਤੱਕ 30 ਵਾਰ ਖੂਨਦਾਨ ਕਰ ਚੁੱਕੇ ਹਨ । ਸਿਹਤ ਵਿਭਾਗ ਵਿੱਚ ਸੀ ਐਚ ਓ ਦੇ ਅਹੁਦੇ ਤੇ ਸਰਕਾਰੀ ਡਿਸਪੈਂਸਰੀ ਸਲੀਣਾ ਵਿਖੇ ਤਾਇਨਾਤ ਰਾਜਪਾਲ ਕੌਰ ਅਤੇ ਸਰਕਾਰੀ ਮਿਡਲ ਸਕੂਲ ਰੱਤੀਆਂ ਵਿੱਚ ਡੀ ਪੀ ਦੇ ਅਹੁਦੇ ਤੇ ਤਾਇਨਾਤ ਉਨ੍ਹਾਂ ਦੇ ਪਤੀ ਪਰਮਜੀਤ ਸਿੰਘ, ਜਿੱਥੇ ਖੇਡਾਂ ਵਿੱਚ ਅਣਗਿਣਤ ਉਪਲਬਧੀਆਂ ਆਪਣੇ ਨਾਮ ਕਰ ਚੁੱਕੇ ਹਨ, ਉਥੇ ਖੂਨਦਾਨ ਦੇ ਖੇਤਰ ਵਿੱਚ ਵੀ ਮੋਹਰੀ ਭੂਮਿਕਾ ਵਿੱਚ ਆ ਕੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾਸ੍ਰੋਤ ਬਣ ਰਹੇ ਹਨ। ਇਸ ਮੌਕੇ ਮੋਗੇ ਦੀ ਇਸ ਸੁਪਰ ਖੂਨਦਾਨੀ ਜੋੜੀ ਨੂੰ ਵਿਆਹ ਵਰੇਗੰਢ ਦੀਆਂ ਵਧਾਈਆਂ ਦਿੰਦਿਆਂ ਰੂਰਲ ਐੱਨ ਜੀ ਓ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਉਨ੍ਹਾਂ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਵੀ ਚੰਗਾ ਹੁੰਦਾ ਜੇਕਰ ਪੰਜਾਬ ਸਰਕਾਰ ਇਸ ਖੂਨਦਾਨੀ ਜੋੜੀ ਨੂੰ ਸੁਪਰ ਖੂਨਦਾਨੀ ਜੋੜੀ ਦੇ ਖਿਤਾਬ ਨਾਲ ਨਿਵਾਜਦੀ ਅਤੇ ਇਕੱਠਿਆਂ ਦਾ ਸਨਮਾਨ ਕਰਦੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹਰ ਜਿਲ੍ਹੇ ਵਿੱਚ ਇੱਕ ਅਜਿਹੀ ਸੁਪਰ ਖੂਨਦਾਨੀ ਜੋੜੀ ਜਰੂਰ ਹੋਣੀ ਚਾਹੀਦੀ ਹੈ ਤਾਂ ਜੋ ਹੋਰਾਂ ਜੋੜਿਆਂ ਨੂੰ ਵੀ ਖੂਨਦਾਨ ਦੀ ਪ੍ਰੇਰਨਾ ਮਿਲੇ। ਉਹਨਾਂ ਇਸ ਜੋੜੀ ਦੀ ਤਾਰੀਫ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਖੁਸ਼ੀ ਦੇ ਮੌਕਿਆਂ ਤੇ ਖੂਨਦਾਨ ਕਰਨ ਦੀ ਪਿਰਤ ਪਾਉਣੀ ਚਾਹੀਦੀ ਹੈ। ਇਸ ਮੌਕੇ ਰਾਜਪਾਲ ਕੌਰ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਵਿੱਚ ਨੌਕਰੀ ਕਰਦੀ ਹੋਣ ਕਰਕੇ ਉਸ ਕੋਲ ਖੂਨ ਦੀ ਲੋੜ ਵਾਲੀਆਂ ਔਰਤਾਂ ਆਉਂਦੀਆਂ ਰਹਿੰਦੀਆਂ ਹਨ, ਇਸ ਲਈ ਮੇਰੇ ਅੰਦਰ ਉਨ੍ਹਾਂ ਦੀ ਮੱਦਦ ਕਰਨ ਦਾ ਖਿਆਲ ਉਠਿਆ ਤਾਂ ਮੈਂ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਤੋਂ ਪ੍ਰੇਰਨਾ ਲੈ ਕੇ ਖੂਨਦਾਨ ਕਰਨਾ ਸ਼ੁਰੂ ਕਰ ਦਿੱਤਾ ਜਦਕਿ ਮੇਰੇ ਪਤੀ ਮੇਰੇ ਤੋਂ ਵੀ ਅੱਠ ਸਾਲ ਪਹਿਲਾਂ ਦੇ ਖੂਨਦਾਨ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਦੋਵੇਂ ਆਪੋ ਆਪਣੇ ਜਨਮ ਦਿਨ ਤੇ ਖੂਨਦਾਨ ਕਰਦੇ ਹਾਂ ਤੇ ਵਿਆਹ ਵਰੇਗੰਢ ਮੌਕੇ ਇਕੱਠੇ ਖੂਨਦਾਨ ਕਰਦੇ ਹਾਂ, ਜਿਸ ਨਾਲ ਸਾਨੂੰ ਅਸੀਮ ਖੁਸ਼ੀ ਅਤੇ ਸੰਤੁਸ਼ਟੀ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਸਭ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਨਾਲ ਸਰੀਰ ਵਿਚ ਕੋਈ ਕਮਜ਼ੋਰੀ ਨਹੀਂ ਆਉੰਦੀ। ਇਸ ਮੌਕੇ ਡਾ ਐਸ ਕੇ ਜਿੰਦਲ, ਟਹਿਲ ਸਿੰਘ ਫਾਜਿਲਕਾ, ਨਿਰਪਾਲ ਕੌਰ, ਰਣਜੀਤ ਸਿੰਘ ਅਤੇ ਭੋਲਾ ਸਿੰਘ ਆਦਿ ਹਾਜਰ ਸਨ।