ਬਠਿੰਡਾ, ਅਪਰੈਲ ਬਰਗਾੜੀ ਇਨਸਾਫ ਮੋਰਚਾ ਅੱਜ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪਿੱਠ ’ਤੇ ਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਆਈ.ਜੀ ਦਾ ਤਬਾਦਲਾ ਕਰਨ ਮਗਰੋਂ ਬਰਗਾੜੀ ਮੋਰਚਾ ਕਾਫ਼ੀ ਤਲਖ਼ ਰੌਂਅ ਵਿੱਚ ਹੈ ਅਤੇ ਇਸ ਤਬਾਦਲੇ ਨੂੰ ਰੋਕਣ ਲਈ ਮੋਰਚਾ ਨਵਾਂ ਸੰਘਰਸ਼ ਵਿੱਢਣ ਦੇ ਰਾਹ ਪੈਣ ਲੱਗਾ ਹੈ। ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਅੱਜ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਸੱਤ ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਹੈ। ਮੁਤਵਾਜ਼ੀ ਜਥੇਦਾਰ ਮੰਡ ਨੇ ਆਖਿਆ ਕਿ ਜੇਕਰ ਸਿੱਟ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਹਫਤੇ ਵਿਚ ਰੱਦ ਨਾ ਕੀਤਾ ਗਿਆ ਤਾਂ ਉਹ ਅਗਲਾ ਸੰਘਰਸ਼ ਵਿੱਢਣਗੇ। ਮੁਤਵਾਜ਼ੀ ਜਥੇਦਾਰ ਮੰਡ ਨੇ ਅੱਜ ਇਹ ਅਲਟੀਮੇਟਮ ਮੋਰਚੇ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਸੇਵਕ ਸਿੰਘ ਜਵਾਹਰਕੇ ਤੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਦੀ ਹਾਜ਼ਰੀ ਦੌਰਾਨ ਦਿੱਤਾ। ਪੰਥਕ ਆਗੂਆਂ ਨੇ ਆਖਿਆ ਕਿ ਅਗਰ ਆਈ.ਜੀ ਦਾ ਤਬਾਦਲਾ ਰੱਦ ਨਾ ਕੀਤਾ ਤਾਂ ਸ਼ਾਂਤਮਈ ਤੇ ਤਿੱਖਾ ਸੰਘਰਸ਼ ਹੋਵੇਗਾ, ਜਿਸ ਦਾ ਮਗਰੋਂ ਐਲਾਨ ਕੀਤਾ ਜਾਵੇਗਾ। ਸਾਰੀਆਂ ਪੰਥਕ ਧਿਰਾਂ ਦੇ ਸਹਿਯੋਗ ਨਾਲ ਇਹ ਸੰਘਰਸ਼ ਹੋਵੇਗਾ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਆਖਿਆ ਕਿ ਚੋਣ ਕਮਿਸ਼ਨ ਨੇ ਆਈ.ਜੀ ਦਾ ਤਬਾਦਲਾ ਕਰਕੇ ਸਿੱਖ ਪੰਥ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ।