You are here

3 ਅਕਤੂਬਰ ਨੂੰ ਲਖੀਮਪੁਰ ਖੀਰੀ ਕਾਂਡ ਦੇ ਨਿਆਂ ਲਈ ਰੋਸ਼ ਪ੍ਰਦਰਸਨ ਕਰਕੇ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ

ਸਮਾਰਟ ਚਿੱਪ ਮੀਟਰ ਲਗਾਉਣ ਵਿਰੁੱਧ 26 ਅਕਤੂਬਰ ਨੂੰ ਐਸ ਈ ਦਫਤਰਾਂ ਸਾਹਮਣੇ ਧਰਨੇ ਦੇਣ ਦਾ ਕੀਤਾ ਫੈਸਲਾ

ਸੀਟੂ ਆਗੂਆਂ ਦੇ ਬਿਆਨ ਦਾ ਜੋਰਦਾਰ ਖੰਡਨ

ਫਗਵਾੜਾ ਖੰਡ ਮਿੱਲ ਦੇ ਬਕਾਇਆ ਨੂੰ ਲੈਕੇ ਜਾਰੀ ਸੰਘਰਸ਼ ਦਾ ਕੀਤਾ ਸਮਰਥਨ

ਜੋਧਾਂ / ਸਰਾਭਾ 1 ਸਤੰਬਰ( ਦਲਜੀਤ ਸਿੰਘ ਰੰਧਾਵਾ  ) ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਚੈਪਟਰ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਿਸਾਨ ਆਗੂਆਂ ਰਘਬੀਰ ਸਿੰਘ ਬੈਨੀਪਾਲ, ਨਛੱਤਰ ਸਿੰਘ ਜੈਤੋ, ਬਲਵਿੰਦਰ ਸਿੰਘ ਰਾਜੂਔਲਖ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਲਖੀਮਪੁਰ ਖੀਰੀ ਕਾਂਡ ਦੇ ਦਿਨ 3 ਅਕਤੂਬਰ ਨੂੰ ਕਾਲੇ ਦਿਨ ਵਜੋਂ ਮਨਾਉਣ ਲਈ ਜ਼ਿਲ੍ਹਾ ਅਤੇ ਤਹਿਸੀਲ ਕੇਂਦਰਾਂ ਤੇ ਨਰਿੰਦਰ ਮੋਦੀ ਅਤੇ ਖੀਰੀ ਕਾਂਡ ਦੇ ਮੁੱਖ ਦੋਸ਼ੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਪੁਤਲੇ ਫੂਕ ਪ੍ਰਦਰਸ਼ਨ ਕਰਨ ਦੇ ਐਕਸ਼ਨ ਦੀ ਸਫਲਤਾ ਲਈ ਵਿਉਂਤਬੰਦੀ ਕੀਤੀ ਗਈ।ਮੀਟਿੰਗ ਵਿੱਚ ਇੱਕ ਹੋਰ ਫੈਸਲਾ ਕਰਕੇ ਬਿਜਲੀ ਮਹਿਕਮੇ ਵੱਲੋਂ ਲਾਏ ਜਾ ਰਹੇ ਸਮਾਰਟ ਚਿੱਪ ਮੀਟਰਾਂ ਦੇ ਵਿਰੋਧ ਵਿਚ 26 ਅਕਤੂਬਰ ਨੂੰ ਐਸ ਈ ਦਫਤਰਾਂ ਸਾਹਮਣੇ 11 ਤੋਂ 2 ਵਜੇ ਤੱਕ ਤਿੰਨ ਘੰਟਿਆਂ ਲਈ ਧਰਨੇ ਦੇਣ ਦਾ ਫੈਸਲਾ ਕੀਤਾ ਗਿਆ।ਮੀਟਿੰਗ ਨੇ ਸਰਬਸੰਮਤੀ ਨਾਲ ਹੜਾਂ ਨਾਲ ਪ੍ਰਭਾਵਿਤ ਗੰਨਾ ਕਾਸ਼ਤਕਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ  ਭਵਿੱਖ ਵਿੱਚ ਇਸ ਲਈ ਸੰਘਰਸ਼ ਪ੍ਰੋਗਰਾਮ ਦੇਣ ਅਤੇ ਫਗਵਾੜੇ ਦੀ ਖੰਡ ਮਿੱਲ ਸਾਹਮਣੇ ਚੱਲ ਰਹੇ ਸੰਘਰਸ਼ ਦਾ ਸਮਰਥਨ ਕਰਨ ਦਾ ਫੈਸਲਾ ਵੀ ਕੀਤਾ ਹੈ।ਮੀਟਿੰਗ ਦੀ ਸ਼ੁਰੂਆਤ ਵਿੱਚ ਪ੍ਰਸਿੱਧ ਖੇਤੀ ਵਿਗਿਆਨੀ ਡਾਕਟਰ ਐਸ.ਸਵਾਮੀਨਾਥਨ, ਕਿਸਾਨ ਆਗੂ ਵਰਿੰਦਰ ਡਾਗਰ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਨਾਲ ਮੁਕਤਸਰ ਜ਼ਿਲ੍ਹੇ ਵਿੱਚ ਨਹਿਰ ਵਿਚ ਡਿੱਗੀ ਬੱਸ ਦੇ ਹਾਦਸੇ ਵਿੱਚ ਜਾਨ ਗਵਾਉਣ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਨੇ ਸੀਟੂ ਦੇ ਕੌਮੀ ਜਨਰਲ ਸਕੱਤਰ ਤਪਨਸੇਨ ਅਤੇ ਕੌਮੀ ਪ੍ਰਧਾਨ ਹੇਮ ਲਤਾ ਜੀ ਵਲੋਂ 20 ਸਤੰਬਰ ਨੂੰ ਪੰਜਾਬ ਯੂਨਿਟ ਦੀ ਮੀਟਿੰਗ ਮਗਰੋਂ ਜਾਰੀ ਕੀਤੇ ਪ੍ਰੈਸ ਬਿਆਨ ਦਾ ਜੋਰਦਾਰ ਖੰਡਨ ਕਰਦੇ ਇਸ ਨੂੰ ਇੱਕ ਭੁਲੇਖੇ ਪਾਉਣ ਵਾਲਾ ਸੱਚਾਈ ਤੋਂ ਕੋਹਾਂ ਦੂਰ ਬਿਆਨ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਸੀਟੂ ਆਗੂਆਂ ਨੇ ਇਹ ਸੱਦਾ ਸਾਂਝੇ ਮਜ਼ਦੂਰ ਕਿਸਾਨ ਮੋਰਚੇ ਵਲੋਂ ਦਿੱਤਾ ਸੱਦਾ ਕਹਿੰਦਿਆਂ ਇੰਡੀਆ ਗਠਜੋੜ ਦੀ ਹਮਾਇਤ ਕਰਨ ਦਾ ਐਲਾਨ ਵੀ ਕੀਤਾ ਸੀ।ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਕੋਈ ਸਾਂਝਾ ਫਰੰਟ ਨਹੀ ਬਣਾਇਆ। ਦੋਵਾਂ ਦੀ ਆਪਣੀ ਆਜ਼ਾਦ ਹੈਸੀਅਤ ਹੈ।26 ਤੋਂ 28 ਨਵੰਬਰ ਦਾ ਐਕਸ਼ਨ ਸੰਯੁਕਤ ਕਿਸਾਨ ਮੋਰਚਾ ਦਾ ਐਕਸ਼ਨ ਹੈ ਜਿਸ ਨੂੰ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਤਾਲਮੇਲਵਾ ਸਮਰਥਨ‌‌‌ ਦਿੱਤਾ ਹੈ।ਸੰਯੁਕਤ ਕਿਸਾਨ ਮੋਰਚਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਚੋਣਾਂ ਦੇ ਸਬੰਧ ਵਿੱਚ ਕਿਸੇ ਗਠਜੋੜ ਦੀ ਹਮਾਇਤ ਨਹੀ ਕਰੇਗਾ। ਇੰਡੀਆ ਗਠਜੋੜ ਦੀ ਹਮਾਇਤ ਦਾ ਫੈਸਲਾ ਸੀਟੂ ਦਾ ਫੈਸਲਾ ਹੋ ਸਕਦਾ ਸੰਯੁਕਤ ਕਿਸਾਨ ਮੋਰਚਾ ਦਾ ਨਹੀ। ਕਿਸਾਨ ਆਗੂਆਂ ਨੇ ਸੀਟੂ ਆਗੂਆਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਮੀਟਿੰਗ ਦੇ ਪ੍ਰਧਾਨਗੀ ਮੰਡਲ ਨੇ ਕਿਹਾ ਕਿ ਇੱਕ ਪਾਸੇ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਨੀ ਹਾਲੇ ਤੱਕ ਮੋਦੀ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹਨ ਅਤੇ ਇੱਕ ਸਿਲਸਿਲੇਵਾਰ ਤਰੀਕੇ ਨਾਲ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਕੇ ਕੇਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਚਾਰ ਨਿਰਦੋਸ਼ ਨੌਜਵਾਨਾਂ ਨੂੰ ਲਗਾਤਾਰ ਝੂਠੇ ਕੇਸ ਵਿੱਚ ਫਸਾ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਜਿਸ ਵਿਰੁੱਧ 3 ਅਕਤੂਬਰ ਨੂੰ ਸਾਰੇ ਦੇਸ਼ ਵਿਚ ਰੋਸ ਮੁਜ਼ਾਹਰੇ ਕੀਤੇ ਜਾਣਗੇ।ਕਿਸਾਨ ਆਗੂਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮੂਹਰੇ ਗੋਡੇ ਟੇਕਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਮਾਰਟ ਚਿੱਪ ਮੀਟਰਾਂ ਦੀ ਮੁਹਿੰਮ ਛੇੜ ਕੇ ਬਿਜਲੀ ਦੀ ਵੰਡ ਦੇ ਖੇਤਰ ਦੇ ਨਿਜੀਕਰਨ ਵੱਲ ਕਦਮ ਪੁੱਟੇ ਜਾ ਰਹੇ ਹਨ।ਜਿਸ ਕਾਰਨ ਸਬਸਿਡੀ ਅਤੇ ਹੋਰ ਰਾਹਤਾਂ ਲੈ ਰਹੇ ਖਪਤਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।ਉਨ੍ਹਾਂ ਸਰਕਾਰਾਂ ਦੇ ਇਨ੍ਹਾਂ ਕਦਮਾਂ ਨੂੰ ਕਾਰਪੋਰੇਟ ਦੀ ਸੇਵਾ ਵਿੱਚ ਉਠਾਏ ਗਏ ਕਦਮ ਕਰਾਰ ਦਿੰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਸ ਦਾ ਜ਼ੋਰਦਾਰ ਵਿਰੋਧ ਕਰੇਗਾ। ਮੀਟਿੰਗ ਵਿੱਚ ਹਰਿੰਦਰ ਸਿੰਘ ਲੱਖੋਵਾਲ, ਬੂਟਾ ਸਿੰਘ ਬੁਰਜ ਗਿੱਲ, ਸਤਨਾਮ ਸਿੰਘ ਸਾਹਨੀ, ਰਾਮਿੰਦਰ ਸਿੰਘ ਪਟਿਆਲਾ, ਬਿੰਦਰ ਸਿੰਘ ਗੋਲੇਵਾਲਾ,ਰੁਲਦੂ ਸਿੰਘ ਮਾਨਸਾ, ਲਖਵੀਰ ਸਿੰਘ ਨਿਜ਼ਾਮਪੁਰ, ਅਵਤਾਰ ਸਿੰਘ ਮਹਿਮਾ,ਮੇਜ਼ਰ ਸਿੰਘ ਪੁੰਨਾਵਾਲ, ਅੰਗਰੇਜ਼ ਸਿੰਘ, ਸੁੱਖਗਿੱਲ ਮੋਗਾ ਹਰਬੰਸ ਸਿੰਘ ਸੰਘਾ, ਹਰਜੀਤ ਸਿੰਘ ਰਵੀ, ਅਵਤਾਰ ਸਿੰਘ ਮੇਹਲੋਂ, ਕੇਵਲ ਸਿੰਘ ਖਹਿਰਾ, ਗੁਰਮੀਤ ਸਿੰਘ ਮਹਿਮਾ ਅਤੇ ਗੁਰਨਾਮ ਸਿੰਘ ਭੀਖੀ ਤੋਂ ਇਲਾਵਾ ਕਈ ਹੋਰ ਆਗੂ ਵੀ ਹਾਜ਼ਰ ਸਨ।