You are here

ਵੱਖ ਵੱਖ ਤਕਨੀਕਾਂ ਦਾ ਆਦਾਨ-ਪ੍ਰਦਾਨ ਕਰਨ ਲਈ ਵੈਟਨਰੀ ਯੂਨੀਵਰਸਿਟੀ ਵਲੋਂ ਐਗਰੀਨੋਵੈਟ ਇੰਡੀਆ ਲਿਮ. ਨਾਲ ਸਮਝੌਤਾ

ਲੁਧਿਆਣਾ 28 ਸਤੰਬਰ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਐਗਰੀਨੋਵੈਟ ਇੰਡੀਆ ਲਿਮ. ਨਵੀਂ ਦਿੱਲੀ ਨਾਲ ਇਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਇਸ ਅਨੁਸਾਰ ਦੋਨੋਂ ਸੰਸਥਾਵਾਂ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਤਕਨਾਲੋਜੀਆਂ ਦੇ ਤਬਾਦਲੇ ਅਤੇ ਉਸਦੇ ਵਪਾਰੀਕਰਨ ਵਾਸਤੇ ਸਮੂਹਿਕ ਯਤਨ ਕਰਨਗੇ। ਇਸ ਸਮਝੌਤਾ ਪੱਤਰ ’ਤੇ ਯੂਨੀਵਰਸਿਟੀ ਵੱਲੋਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਐਗਰੀਨੋਵੈਟ ਇੰਡੀਆ ਵੱਲੋਂ ਮੁੱਖ ਕਾਰਜਕਾਰੀ ਅਧਿਕਾਰੀ ਡਾ. ਪ੍ਰਵੀਨ ਮਲਿਕ ਨੇ ਹਸਤਾਖ਼ਰ ਕੀਤੇ। ਇਹ ਸਮਝੌਤਾ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ, ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ, ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਅਤੇ ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਦੌਰਾਨ ਹੋਇਆ। ਡਾ. ਪ੍ਰਵੀਨ ਮਲਿਕ ਨੇ ਇਨ੍ਹਾਂ ਤਕਨਾਲੋਜੀਆਂ ਦਾ ਵਪਾਰੀਕਰਨ ਕਰਨ ਸੰਬੰਧੀ ਵੇਰਵਾ ਸਾਂਝਾ ਕੀਤਾ। ਵੈਟਨਰੀ ਯੂਨੀਵਰਸਿਟੀ ਨੇ ਤਿਆਰ ਕੀਤੀਆਂ ਗਈਆਂ ਵਿਭਿੰਨ ਤਕਨਾਲੋਜੀਆਂ, ਉਨ੍ਹਾਂ ਦੀ ਮਹੱਤਤਾ ਅਤੇ ਕਾਰੋਬਾਰ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ।
    ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਤਕਨਾਲੋਜੀ ਤਬਾਦਲੇ ਨਾਲ ਅਸੀਂ ਪਸ਼ੂ ਵਿਗਿਆਨ ਵਿਚ ਕਈ ਮਹੱਤਵਪੂਰਨ ਤਬਦੀਲੀਆਂ ਲਿਆ ਸਕਦੇ ਹਾਂ। ਪ੍ਰਯੋਗਸ਼ਾਲਾ ਤੋਂ ਆਮ ਲੋਕਾਂ ਤਕ ਪਹੁੰਚਾਉਣ ਲਈ ਇਨ੍ਹਾਂ ਤਕਨਾਲੋਜੀਆਂ ਦੇ ਵਪਾਰੀਕਰਨ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਾਭ ਆਮ ਆਦਮੀ ਤਕ ਪਹੁੰਚਣ ਨਾਲ ਸਮਾਜ ਨੂੰ ਬਹੁਤ ਫਾਇਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੁਵੱਲੀ ਸਾਂਝ ਨਾਲ ਜਿਥੇ ਯੂਨੀਵਰਸਿਟੀ ਆਪਣੀ ਖੋਜ ਨੂੰ ਹੋਰ ਬਿਹਤਰ ਕਰੇਗੀ ਉਥੇ ਉਦਯੋਗਾਂ ਤਕ ਵੀ ਇਨ੍ਹਾਂ ਤਕਨਾਲੋਜੀਆਂ ਦੀ ਪਹੁੰਚ ਆਸਾਨ ਹੋਵੇਗੀ।