ਲੁਧਿਆਣਾ 28 ਸਤੰਬਰ(ਟੀ. ਕੇ) ਬੀਤੇ ਦਿਨੀਂ ਆਨੰਦ ਖੇਤੀਬਾੜੀ ਯੂਨੀਵਰਸਿਟੀ ਦੇ 39 ਪੀ ਜੀ ਵਿਦਿਆਰਥੀਆਂ ਨੇ ਇਕ ਅਕਾਦਮਿਕ ਯਾਤਰਾ ਵਜੋਂ ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਦਾ ਦੌਰਾ ਕੀਤਾ| ਇਹ ਦੌਰਾ ਨਾਹੇਪ-ਕਾਸਟ ਪ੍ਰੋਜੈਕਟ ਤਹਿਤ ਕੀਤਾ ਗਿਆ| ਸਕੂਲ ਦੇ ਡਾਇਰੈਕਟਰ ਡਾ. ਰਮਨਦੀਪ ਸਿੰਘ ਨੇ ਦੌਰਾ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਨਿਗਰਾਨ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਅਜੋਕੇ ਯੁੱਗ ਵਿਚ ਖੇਤੀ ਕਾਰੋਬਾਰੀ ਸਿਖਲਾਈ ਦੇ ਨਾਲ-ਨਾਲ ਅਜਿਹੀਆਂ ਵਿਦਿਅਕ ਯਾਤਰਾਵਾਂ ਦੀ ਮਹੱਤਤਾ ਉੱਪਰ ਜ਼ੋਰ ਦਿੱਤਾ|
ਡਾ. ਰਮਨਦੀਪ ਨੇ ਖੇਤੀ ਉੱਦਮ ਬਾਰੇ ਗੱਲ ਕਰਦਿਆਂ ਇੱਕ ਮਾਹਿਰ ਵਜੋਂ ਆਪਣੇ ਅਨੁਭਵ ਸਾਂਝੇ ਕੀਤੇ| ਉਹਨਾਂ ਕਿਹਾ ਕਿ ਖੇਤੀ ਉੱਦਮ ਹੀ ਕਾਰੋਬਾਰ ਦਾ ਰਾਹ ਪੱਧਰਾ ਕਰਦਾ ਹੈ| ਨਾਲ ਹੀ ਉਹਨਾਂ ਨੇ ਸਵੈ-ਰੁਜ਼ਗਾਰ ਦੇ ਮੌਕਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ| ਡਾ. ਰਮਨਦੀਪ ਨੇ ਕਿਹਾ ਕਿ ਬੇਰੁਜ਼ਗਾਰੀ ਨੂੰ ਨੱਥ ਪਾਉਣ ਲਈ ਸਵੈ-ਰੁਜ਼ਗਾਰ ਅਤੇ ਨਵੇਂ ਕਾਰੋਬਾਰੀ ਵਿਚਾਰ ਸਾਹਮਣੇ ਆਉਣੇ ਜ਼ਰੂਰੀ ਹਨ| ਉਹਨਾਂ ਨੇ ਵਿਦਿਆਰਥੀਆਂ ਨੂੰ ਨਵੀਆਂ ਚੀਜ਼ਾਂ ਸਿੱਖਣ ਅਤੇ ਸਿਰਜਣਾਤਮਕ ਢੰਗ ਨਾਲ ਉਹਨਾਂ ਨੂੰ ਲਾਗੂ ਕਰਨ ਤੇ ਜ਼ੋਰ ਦਿੱਤਾ| ਡਾ. ਰਮਨਦੀਪ ਨੇ ਕਿਹਾ ਕਿ ਮੁਨਾਫ਼ਾ ਕਮਾਉਣਾ ਸਰਵੋਤਮ ਨਹੀਂ ਬਲਕਿ ਕਾਰੋਬਾਰ ਦਾ ਲਾਭ ਸਮਾਜ ਨੂੰ ਦੇਣਾ ਸਭ ਤੋਂ ਅਹਿਮ ਹੈ| ਇਸ ਸੰਬੰਧ ਵਿਚ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਖੇਤੀ ਖੇਤਰ ਵਿਚ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਕਾਰੋਬਾਰ ਨਾਲ ਜੋੜਨ ਦੀਆਂ ਘਟਨਾਵਾਂ ਸਾਂਝੀਆਂ ਕੀਤੀਆਂ| ਡਾ. ਰਮਨਦੀਪ ਨੇ ਕਿਹਾ ਕਿ ਬਿਨਾਂ ਸੰਕੋਚ ਤੋਂ ਆਪਣੇ ਕੰਮ ਨਾਲ ਜੁੜਨਾ ਅਤੇ ਸ਼ੋਸ਼ਲ ਮੀਡੀਆ ਨੂੰ ਇਕ ਸੰਭਾਵਨਾ ਵਜੋਂ ਵਰਤਣਾ ਬੇਹੱਦ ਕਾਰਗਰ ਸਿੱਧ ਹੋ ਸਕਦਾ ਹੈ|
ਆਨੰਦ ਯੂਨੀਵਰਸਿਟੀ ਦੇ ਓਪਰੇਸ਼ਨ ਮੈਨੇਜਮੈਂਟ ਦੇ ਮੁਖੀ ਡਾ. ਸ਼ਕਤੀਰੰਜਨ ਪਾਣੀਗ੍ਰਹੀ ਦੇ ਵਿਦਿਆਰਥੀਆਂ ਨੂੰ ਸਵਾਲ-ਜਵਾਬ ਸ਼ੈਸਨ ਰਾਹੀਂ ਉਤਸ਼ਾਹਤ ਕੀਤਾ|
ਬਿਜ਼ਨਸ ਸਟੱਡੀਜ਼ ਸਕੂਲ ਦੇ ਪ੍ਰੋਫੈਸਰ ਡਾ. ਗਗਨਦੀਪ ਬਾਂਗਾ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਅਜੋਕੇ ਸਮੇਂ ਵਿਚ ਖੇਤੀ ਕਾਰੋਬਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ| ਉਹਨਾਂ ਨੇ ਬਿਹਤਰ ਯੋਜਨਾਬੰਦੀ ਰਾਹੀਂ ਮਿਥੇ ਹੋਏ ਨਿਸ਼ਾਨਿਆਂ ਤੱਕ ਪਹੁੰਚਣ ਲਈ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਕਿਹਾ|