You are here

ਏਡਜ਼ ਕੰਟਰੋਲ ਮੁਲਾਜਮਾਂ ਵੱਲੋਂ  ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ 17  ਨੂੰ 

ਲੁਧਿਆਣਾ 12 ਸਤੰਬਰ ( ਟੀ. ਕੇ. ) ਮੁਲਾਜ਼ਮ ਜਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪ ਵੈਲਫੇਅਰ ਐਸੋਸੀਏਸ਼ਨ ( ਸਿਹਤ ਵਿਭਾਗ ਪੰਜਾਬ ) ਦੇ ਸਮੂਹ ਮੁਲਾਜ਼ਮਾਂ ਵਲੋਂ  ਵਾਅਦਿਆਂ ਤੋਂ ਅੱਕ ਕੇ  ਸਰਕਾਰ ਖਿਲਾਫ ਪਹਿਲਾ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ l ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਜਥੇਬੰਦੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਆਪ ਸਰਕਾਰ ਬਣਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਮੁੱਖ ਮੰਤਰੀ ਦੀ ਅਪੀਲ  'ਤੇ 18 ਮਹੀਨੇ ਇੰਤਜ਼ਾਰ ਕਰਨ ਬਾਅਦ ਜਿਸ ਵਕਤ ਪੰਜਾਬ ਸਰਕਾਰ ਨੇ ਟੀਚਰਾਂ ਤੋਂ ਬਾਅਦ ਬਾਕੀ ਮੁਲਾਜ਼ਮਾਂ ਲਈ ਰੈਗੂਲਰ ਕਰਨ ਵਾਲਾ ਪੋਰਟਲ ਜਾਰੀ ਕੀਤਾ ਤਾਂ ਬੜੀਆਂ ਉਮੀਦਾਂ ਨਾਲ ਪੋਰਟਲ ਵਿੱਚ ਸ਼ਰਤਾਂ ਪੂਰੀਆਂ ਕਰਦੇ ਮੁਲਾਜ਼ਮਾਂ ਨੇ ਅਪਲਾਈ ਕੀਤਾ l ਇਸ ਦੌਰਾਨ ਵਿਭਾਗ ਵੱਲੋਂ ਵੀ ਸਰਕਾਰ ਦੁਆਰਾ ਮੰਗੀ ਗਈ ਜਾਣਕਾਰੀ ਭੇਜੀ ਗਈ ਅਤੇ ਵੈਰੀਫਿਕੇਸ਼ਨ ਲਈ ਵਿਭਾਗ ਦੇ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਅਤੇ ਸਟਾਫ ਨੂੰ ਟਰੇਨਿੰਗ ਵੀ ਦਿੱਤੀ ਗਈ l ਜਦ ਮੁਲਾਜ਼ਮ ਅਪਲਾਈ ਕਰਨ ਦੀ ਤਾਰੀਖ਼ ਵਿੱਚ ਟੀਚਰ ਵਾਂਗ  ਵਾਧੇ ਲਈ ਮੰਗ ਕਰ ਰਹੇ ਸੀ ਜਿਸਨੂੰ ਵਿਭਾਗ ਨੇ ਅੱਗੇ ਵੀ ਭੇਜ ਦਿੱਤਾ ਤਾਂ ਉਸ ਵੇਲੇ ਸਾਰਿਆਂ ਦੇ ਪੈਰਾਂ ਹੇਠ ਤੋਂ ਜਮੀਨ ਨਿਕਲ ਗਈ ਜਦ ਮਿਤੀ 22 ਅਗਸਤ ਨੂੰ ਸਬ ਕਮੇਟੀ ਨਾਲ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਭਾਗ ਨੂੰ ਕੇਂਦਰ ਵੱਲੋਂ ਭੇਜੇ ਜਾ ਰਹੇ ਫੰਡਾਂ ਸਬੰਧੀ ਪ੍ਰਗਟਾਈ ਸ਼ੰਕਾ ਦੇ ਅਧਾਰ  'ਤੇ ਰੈਗੂਲਰ ਕਰਨ ਤੋਂ ਆਨਾਕਾਨੀ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਲਿਖ ਕੇ ਦੇ ਦੇਵੇ ਕਿ ਫੰਡ ਜਾਰੀ ਰਹਿਣਗੇ ਤਾਂ ਰੈਗੂਲਰ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ l ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਐਚ ਆਈ ਵੀ /ਏਡਜ਼ ਨੂੰ ਦੇਖਣ ਵਾਲਾ ਇਕਲੌਤਾ ਵਿਭਾਗ ਹੈ ਜੋ ਪੰਜਾਬ ਵਿੱਚ ਦਿਨੋ ਦਿਨ ਪੈਰ ਪਸਾਰ ਰਹੀ ਏਡਜ਼ ਜਿਹੀ ਭਿਆਨਕ ਬਿਮਾਰੀ ਨਾਲ ਲੜ ਰਹੇ ਹਨ l ਇਸ ਮੌਕੇ ਸੂਬਾ ਜਨਰਲ ਸਕੱਤਰ  ਗੁਰਜੰਟ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਫੰਡ ਦੇਣੇ ਬੰਦ ਵੀ ਕਰ ਦਿੰਦਾ ਹੈ ਤਾਂ ਕੀ ਪੰਜਾਬ ਦੇ ਲੋਕਾਂ ਨੂੰ ਨਿਰੋਈ ਸਿਹਤ ਦੇਣ ਦਾ ਦਾਅਵਾ ਕਰਨ ਵਾਲੀ ਸਰਕਾਰ ਇਹਨਾਂ ਰੋਗੀਆਂ ਨੂੰ ਇਲਾਜ ਨਹੀਂ ਦੇਵੇਗੀ। ਇਸ ਮੌਕੇ ਪ੍ਰਮੁੱਖ ਸਲਾਹਕਾਰ  ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਨਾ ਲਾਗੂ ਕੀਤੀਆਂ ਤਾਂ  ਇਸ ਵਾਅਦਾ ਖਿਲਾਫੀ ਖਿਲਾਫ ਸਮੂਹ ਪੰਜਾਬ ਦੇ  ਮੁਲਾਜ਼ਮ 17 ਸਤੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਉਨ੍ਹਾਂ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਨਗੇ।