ਲੋੜਵੰਦ ਮਰੀਜ਼ਾਂ ਨੂੰ ਮੁਫਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ।
ਪਾਤੜਾਂ 10 ਸਤੰਬਰ ( ਜਸਵਿੰਦਰ ਸਿੰਘ ਰੱਖਰਾ) : ਸ਼੍ਰੀ ਵਿਸ਼ਵਕਰਮਾ ਬਲੱਡ ਡੋਨਰਜ ਕਲੱਬ ਪਾਤੜਾਂ ਅਤੇ ਰੂਰਲ ਐਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਸਾਂਝੇ ਤੌਰ ਤੇ ਵਿਸ਼ਵਕਰਮਾ ਭਵਨ, ਘੁਮਿਆਰ ਬਸਤੀ ਪਾਤੜਾਂ ਵਿਖੇ ਲਗਾਏ ਗਏ ਅੱਖਾਂ ਦੇ ਵਿਸ਼ਾਲ ਜਾਂਚ ਕੈਂਪ ਵਿੱਚ 300 ਤੋਂ ਉਪਰ ਮਰੀਜ਼ਾਂ ਦੀ ਕੇ ਜੀ ਹਸਪਤਾਲ ਸਮਾਣਾ ਦੇ ਅੱਖਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਸਮਨ ਗਰਗ ਜੀ ਵੱਲੋਂ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ 98 ਲੋੜਵੰਦ ਮਰੀਜ਼ਾਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਗਈਆਂ । ਇਸ ਤੋਂ ਇਲਾਵਾ 14 ਮਰੀਜ਼ਾਂ ਦੀ ਮੋਤੀਆਬਿੰਦ ਅਪ੍ਰੇਸ਼ਨ ਲਈ ਚੋਣ ਕੀਤੀ ਗਈ, ਜਿਨ੍ਹਾਂ ਦੇ 28 ਸਤੰਬਰ ਨੂੰ ਲੱਗ ਰਹੇ ਮੁਫਤ ਲੈੰਜ ਕੈਂਪ ਵਿੱਚ ਅਪ੍ਰੇਸ਼ਨ ਕੀਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਵਿਸ਼ਵਕਰਮਾ ਬਲੱਡ ਡੋਨਰਜ ਕਲੱਬ ਪਾਤੜਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਬਿੱਟਾ ਨੇ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਅੱਖਾਂ ਵਿੱਚ ਖਾਰਿਸ਼, ਲਾਲੀ ਦੀ ਸਮੱਸਿਆ ਆ ਰਹੀ ਸੀ, ਜਿਸ ਕਾਰਨ ਅੱਖਾਂ ਦੇ ਕੈਂਪ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਇਸੇ ਕਾਰਨ ਇਸ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੋਗਾ ਨਿਵਾਸੀ ਉਘੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ, ਜੋ ਕਿ ਪੀ ਐਚ ਸੀ ਸ਼ੁਤਰਾਣਾ ਵਿਖੇ ਹੈਲਥ ਸੁਪਰਵਾਈਜਰ ਦੇ ਅਹੁਦੇ ਤੇ ਕੰਮ ਕਰ ਰਹੇ ਹਨ, ਵੱਲੋਂ ਮਰੀਜ਼ਾਂ ਲਈ ਦਵਾਈਆਂ ਅਤੇ ਐਨਕਾਂ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਲੂੰਬਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਨੂੰ ਉਨ੍ਹਾਂ ਨਾਲ ਕੰਮ ਕਰਨ ਅਤੇ ਬਹੁਤ ਕੁੱਝ ਸਿੱਖਣ ਦਾ ਮੌਕਾ ਮਿਲਿਆ ਹੈ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਸ਼੍ਰੀ ਵਿਸ਼ਵਕਰਮਾ ਬਲੱਡ ਡੋਨਰਜ ਕਲੱਬ ਪਾਤੜਾਂ ਦੇ ਸਮੂਹ ਮੈਂਬਰਾਂ ਅਤੇ ਪ੍ਰਧਾਨ ਹਰਜਿੰਦਰ ਸਿੰਘ ਬਿੱਟਾ ਦਾ ਕੈੰਪ ਦਾ ਸ਼ਾਨਦਾਰ ਆਯੋਜਨ ਕਰਨ ਅਤੇ ਇਸ ਨੂੰ ਕਾਮਯਾਬ ਬਨਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਹਾਜਰ ਮਰੀਜ਼ਾਂ ਨੂੰ ਡੇਂਗੂ ਸਬੰਧੀ ਜਾਗਰੂਕ ਕਰਦਿਆਂ ਡੇਂਗੂ ਫੈਲਣ ਵਿੱਚ ਸਹਾਇਕ ਕਾਰਨਾਂ, ਬਚਾਓ ਅਤੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਹਫਤੇ ਵਿੱਚ ਇੱਕ ਵਾਰ ਘਰ ਵਿੱਚ ਮੌਜੂਦ ਸਾਰੇ ਸਾਫ ਪਾਣੀ ਵਾਲੇ ਸਰੋਤਾਂ ਨੂੰ ਖਾਲੀ ਕਰਕੇ ਕੱਪੜਾ ਮਾਰ ਕੇ ਸੁਕਾਉਣ ਅਤੇ ਮੌਸਮ ਵਿੱਚ ਨਮੀ ਨੂੰ ਧਿਆਨ ਵਿੱਚ ਰੱਖਦਿਆਂ ਕੂਲਰਾਂ ਵਿੱਚ ਪਾਣੀ ਦੀ ਵਰਤੋਂ ਬੰਦ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਸ਼੍ਰੀ ਵਿਸ਼ਵਕਰਮਾ ਬਲੱਡ ਡੋਨਰਜ ਕਲੱਬ ਪਾਤੜਾਂ ਵੱਲੋਂ ਡਾ ਸਮਨ ਗਰਗ, ਮਹਿੰਦਰ ਪਾਲ ਲੂੰਬਾ ਅਤੇ ਸਹਿਯੋਗੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਚੇਅਰਮੈਨ ਬੰਤ ਸਿੰਘ, ਵਿਸ਼ਵਕਰਮਾ ਮੰਦਰ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ, ਸਰਪ੍ਰਸਤ ਹਰਦੀਪ ਸਿੰਘ ਸੋਹਲ, ਬਖਸ਼ੀਸ਼ ਸਿੰਘ, ਅਮਰੀਕ ਸਿੰਘ ਮੁੱਦੜ, ਸੁਰਜੀਤ ਸਿੰਘ ਹੰਝਰਾ, ਡਾ ਰਣਧੀਰ ਸਿੰਘ ਚੌਹਾਨ, ਲਾਡੀ ਸਿੰਘ, ਸੁਖਪਾਲ ਸਿੰਘ ਸਾਬਕਾ ਐਮ ਸੀ, ਡਾ ਮਨਜੀਤ ਸਿੰਘ, ਲੱਕੀ ਵਰਮਾ, ਮਾਨਵੀਰ ਸਿੰਘ, ਅਤੇ ਗੁਰਜੰਟ ਸਿੰਘ ਆਦਿ ਹਾਜ਼ਰ ਸਨ।