ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਸ਼ਹਿਰ ਵਿੱਚ ਕੱਢਿਆ ਗਿਆ ਮੋਟਰਸਾਈਕਲ ਸਕੂਟਰਾਂ ਉੱਤੇ ਵਿਸ਼ਾਲ ਮਾਰਚ
ਜਗਰਾਉਂ, 23 ਮਾਰਚ (ਗੁਰਕੀਰਤ ਜਗਰਾਉਂ ) 23 ਮਾਰਚ ਦੇ ਆਜਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ , ਸੁਖਦੇਵ ਦੀ ਯਾਦ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਸਥਾਨਕ ਰੇਲਵੇ ਸਟੇਸ਼ਨ ਤੇ ਇਕੱਤਰ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ। "ਸ਼ਹੀਦ ਸਾਥੀਆ
ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ",
ਸ਼ਹੀਦੋ ਥੋਡਾ ਕਾਜ ਅਧੂਰਾ ਲਾ ਕੇ ਜਿੰਦਗੀਆਂ ਕਰਾਂਗੇ ਪੂਰਾ " ਦੇ ਨਾਰੇ ਲਗਾਉਂਦੇ ਕਿਸਾਨਾਂ ਮਜਦੂਰਂ ਸਮੇਤ ਔਰਤ ਕਾਰਕੁੰਨਾਂ ਨੇ ਸ਼ਹਿਰ ਦੇ ਬਾਜ਼ਾਰਾਂ ਚ ਮੋਟਰਸਾਈਕਲਾਂ , ਸਕੂਟਰਾਂ, ਗੱਡੀਆਂ ਤੇ ਮਾਰਚ ਕੀਤਾ। ਸ਼ਹੀਦਾਂ ਦੀਆਂ ਤਸਵੀਰਾਂ ਨਾਲ ਸਜਿਆ ਮਾਰਚ ਰੇਲਵੇ ਸਟੇਸ਼ਨ ਤੋਂ ਚੱਲ ਕੇ ਇਹ ਮਾਰਚ ਰੇਲਵੇ ਰੋਡ, ਲਾਜਪਤ ਰਾਏ ਰੋਡ, ਕਮਲ ਚੋਂਕ, ਤਹਿਸੀਲ ਰੋਡ ਤੋਂ ਹੁੰਦਾ ਹੋਇਆ ਜੀ ਟੀ ਰੋਡ ਤੇ ਪੁੱਜਾ। ਉਪਰੰਤ ਸਮੁੱਚਾ ਕਾਫਲਾ ਲੀਲਾਂ ਮੇਘ ਸਿੰਘ, ਜਨੇਤਪੁਰਾ ,ਸੋਢੀਵਾਲ ਚ ਮਾਰਚ ਕਰਦਾ ਹੋਇਆ ਗੁਰਦੁਆਰਾ ਬਾਉਲੀ ਸਾਹਿਬ ਪੰਹੁਚਿਆ। ਇਥੇ ਇਲਾਕੇ ਭਰ ਚੋਂ ਇਕੱਤਰ ਹੋਏ ਵੱਡੀ ਗਿਣਤੀ ਲੋਕਾਂ ਨੇ ਕਿਸਾਨ ਅੰਦੋਲਨ ਦੇ ਨੋਜਵਾਨ ਸ਼ਹੀਦ ਬਲਕਰਨ ਸਿੰਘ ਦੀ ਬਰਸੀ ਤੇ ਰੱਖੇ ਸਹਿਜ ਪਾਠ ਦੇ ਭੋਗ ਚ ਭਾਗ ਲਿਆ। ਅਰਦਾਸ ਉਪਰੰਤ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਰਜਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਅੰਗਰੇਜੀ ਰਾਜ ਸਮੇਂ ਜਿਸ ਆਜਾਦੀ ਲਈ ਫਾਂਸੀ ਦਾ ਰੱਸਾ ਗਲ ਚ ਪਾਇਆ ਸੀ ਉਹ ਆਜਾਦੀ ਆਈ ਨਹੀਂ, ਉਹ ਲੁੱਟ ਰਹਿਤ ਰਾਜ ਤੇ ਸਮਾਜ ਬਣਿਆ ਨਹੀਂ। ਇਸੇ ਲਈ ਮੋਦੀ ਹਕੂਮਤ ਦੇਸ਼ ਚ ਸਾਮਰਾਜੀ ਨੀਤੀਆਂ ਲਾਗੂ ਕਰ ਰਹੀ। ਜਿਸ ਸਾਮਰਾਜ ਖਿਲਾਫ ਭਗਤ ਸਿੰਘ ਤੇ ਸਾਥੀ ਲੜੇ ਉਨਾਂ ਹੀ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਲੋਧੀਵਾਲ ਦਾ ਨੋਜਵਾਨ ਦਿੱਲੀ ਬਾਰਡਰ ਤੇ ਸ਼ਹੀਦ ਹੋਇਆ।ਇਨਾਂ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਇਕ ਜੰਗ ਜਾਰੀ ਹੈ। ਉਨਾਂ ਕਿਹਾ ਕਿ ਪੱਗ ਦਾ ਰੰਗ ਬਦਲਣ ਨਾਲ ਪੰਜਾਬ ਦਾ ਰੰਗ ਨਹੀਂ ਬਦਲਣਾ। ਭਾਵੇਂ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਚ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਗੁੱਠੇ ਲਾਕੇ ਅਪਣੀ ਤਾਕਤ ਦਾ ਅਹਿਸਾਸ ਕਰਵਾਇਆ ਹੈ ਪਰ ਲੁਟੇਰੇ ਪ੍ਰਬੰਧ ਦੇ ਚਲਦਿਆਂ ਕੋਈ ਸਿਫਤੀ ਤਬਦੀਲੀ ਸੰਭਵ ਨਹੀਂ ਹੈ ਇਸ ਲਈ ਇਕੋ ਰਾਹ ਸੰਘਰਸ਼ ਹੈ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕਤਰ ਨੇ ਦੱਸਿਆ ਕਿ ਲੁਧਿਆਣਾ ਜਿਲੇ ਚੋਂ ਵੱਡੀ ਗਿਣਤੀ ਕਿਸਾਨ ਸੂਬਾਈ ਸ਼ਰਧਾਂਜਲੀ ਸਮਾਗਮ ਚ ਹਿੱਸਾ ਲੈਣ ਹੁਸੈਨੀ ਵਾਲਾ ਯਾਦਗਾਰ ਤੇ ਵੀ ਗਏ ਹਨ। ਅਜ ਦੇ ਇਸ ਸਮਾਗਮ ਚ ਗੁਰਪ੍ਰੀਤ ਸਿੰਘ ਸਿਧਵਾਂ, ਦੇਵਿੰਦਰ ਸਿੰਘ ਕਾਉਂਕੇ, ਕੁੰਡਾ ਸਿੰਘ ਕਾਉਂਕੇ , ਜਗਜੀਤ ਸਿੰਘ ਕਲੇਰ, ਹਰਜਿੰਦਰ ਕੌਰ, ਮਦਨ ਸਿੰਘ,ਰਣਧੀਰ ਸਿੰਘ ਓਪਲ, ਧਰਮਸਿੰਘ ਸੂਜਾਪੁਰ ਸ਼ਾਮਲ ਸਨ।