You are here

ਕਾਰਖਾਨਾ ਮਜਦੂਰ ਯੂਨੀਅਨ ਦਾ ਚੌਥਾ ਇਜਲਾਸ ਕੀਤਾ ਗਿਆ

ਲੁਧਿਆਣਾ, 20 ਅਗਸਤ (ਟੀ. ਕੇ.) ਜਮਾਲਪੁਰ, ਲੁਧਿਆਣਾ ਵਿਖੇ ਕਾਰਖਾਨਾ ਮਜਦੂਰ ਯੂਨਿਅਨ, ਪੰਜਾਬ ਨੇ ਆਪਣਾ ਦਾ ਚੌਥਾ ਇਜਲਾਸ ਸਫ਼ਲਤਾ ਨਾਲ਼ ਨੇਪੜੇ ਚਾੜਿਆ। ਇਜਲਾਸ ਦੀ ਸ਼ੁਰੂਆਤ ਹੱਕਾਂ ਤੇ ਏਕੇ ਦੀ ਅਵਾਜ ਬੁਲੰਦ ਕਰਦੇ ਜੁਝਾਰੂ ਨਾਅਰਿਆਂ ਦੌਰਾਨ ਪੁਰਾਣੀ ਆਗੂ ਕਮੇਟੀ ਵੱਲੋਂ ਯੂਨੀਅਨ ਦਾ ਝੰਡਾ ਫਹਿਰਾਉਣ ਨਾਲ਼ ਹੋਈ। ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਮਜਦੂਰਾਂ ਦੇ ਹੱਕਾਂ ਦੀ ਬਾਤ ਪਾਉਂਦੇ ਅਨੇਕਾਂ ਜੁਝਾਰੂ ਗੀਤ ਪੇਸ਼ ਕੀਤੇ। ਇਜਲਾਸ ਵਿੱਚ ਪਿਛਲੀ ਆਗੂ ਕਮੇਟੀ ਵੱਲੋਂ ਦੇਸ਼-ਦੁਨੀਆ ਦੀਆਂ ਹਾਲਤਾਂ, ਜਥੇਬੰਦੀ ਦੀਆਂ ਪ੍ਰਾਪਤੀਆਂ, ਘਾਟਾਂ-ਕਮਜੋਰੀਆਂ ਅਤੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਪੇਸ਼ ਸਿਆਸੀ-ਜਥੇਬੰਦਕ ਰਿਪੋਰਟ ਭਰਵੀਂ ਵਿਚਾਰ ਚਰਚਾ ਤੋਂ ਬਾਅਦ ਪਾਸ ਕੀਤੀ ਗਈ। ਪਿਛਲੀ ਆਗੂ ਕਮੇਟੀ ਨੇ ਆਪਣੇ ਡੇਢ ਸਾਲ ਦੇ ਸਮੇਂ ਦੀ ਸਰਗਰਮੀ ਰਿਪੋਰਟ ਤੇ ਵਿੱਤੀ ਰਿਪੋਰਟ ਵੀ ਪੇਸ਼ ਕੀਤੀ। ਪਹੁੰਚੇ ਮੈਂਬਰਾਂ ਵੱਲੋਂ ਯੂਨੀਅਨ ਦੀ ਨਵੀਂ ਆਗੂ ਕਮੇਟੀ ਚੁਣੀ ਗਈ। ਨਵੀਂ ਆਗੂ ਕਮੇਟੀ ਵਿੱਚ ਲਖਵਿੰਦਰ ਸਿੰਘ (ਪ੍ਰਧਾਨ), ਗਗਨਦੀਪ ਕੌਰ (ਮੀਤ ਪ੍ਰਧਾਨ), ਕਲਪਨਾ (ਜਨਰਲ ਸਕੱਤਰ), ਸ਼ੁਸ਼ੀਲ ਕੁਮਾਰ ਪਾਂਡੇ (ਖਜ਼ਾਨਚੀ), ਰਮੇਸ਼ ਚੰਦ, ਤੇਜੂ ਪ੍ਰਸਾਦ, ਸਵਿਤਾ ਦੇਵੀ, ਬਿੰਨੀ, ਗੁਰਦੀਪ ਸਿੰਘ, ਜੈ ਸ਼ੰਕਰ ਸਿੰਘ, ਤਿਲਕਧਾਰੀ ਸਿੰਘ ਸ਼ਾਮਲ ਹਨ।

          ਇਸ ਮੌਕੇ ਭਰਾਤਰੀ ਜਥੇਬੰਦੀ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਥੀ ਤਰਨ ਨੇ ਸੰਬੋਧਨ ਕੀਤਾ ਤੇ ਇਜਲਾਸ ਦੀ ਵਧਾਈ ਦਿੱਤੀ। ਯੂਨੀਅਨ ਦੀ ਆਗੂ ਕਲਪਨਾ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ।

          ਇਜਲਾਸ ’ਚ ਪਾਸ ਕੀਤੀ ਗਈ ਸਿਆਸੀ-ਜੱਥੇਬੰਦਕ ਰਿਪੋਰਟ ਮੁਤਾਬਿਕ ਅੱਜ ਮਜਦੂਰ ਜਮਾਤ ਬੇਹੱਦ ਚੁਣੌਤੀਪੂਰਣ ਹਾਲਤਾਂ ਵਿੱਚੋਂ ਲੰਘ ਰਹੀ ਹੈ। ਸਰਮਾਏਦਾਰ ਜਮਾਤ ਹੱਥੋਂ ਮਜਦੂਰਾਂ ਦੇ ਕਿਰਤ ਹੱਕਾਂ ਦਾ ਵੱਡੇ ਪੱਧਰ ਉੱਤੇ ਘਾਣ ਹੋ ਰਿਹਾ ਹੈ। ਨਿਗੂਣੀਆਂ ਤਨਖਾਹਾਂ ਉੱਤੇ ਮਜਦੂਰ ਹੱਡ-ਭੰਨਵੀਂ ਮਿਹਨਤ ਕਰਨ ਉੱਤੇ ਮਜਬੂਰ ਹਨ।  ਲੱਕ ਤੋੜ ਮਹਿੰਗਾਈ ਦੀ ਮਾਰ ਲਗਾਤਾਰ ਵੱਧਦੀ ਜਾ ਰਹੀ ਹੈ। ਬਹੁਗਿਣਤੀ ਕਿਰਤੀ ਅਬਾਦੀ ਆਪਣੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੀ। ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਨੇ ਜਿੱਥੇ ਸਰਮਾਏਦਾਰਾਂ ਨੂੰ ਮਾਲਾਮਾਲ ਕੀਤਾ ਹੈ ਉੱਥੇ ਮਜਦੂਰ ਜਮਾਤ ਦਾ ਕਚੂਮਰ ਕੱਢਿਆ ਹੈ। ਇਹਨਾਂ ਹਾਲਤਾਂ ਵਿੱਚ ਮਜਦੂਰ ਜਮਾਤ ਦੀ ਵਿਸ਼ਾਲ ਲਾਮਬੰਦੀ ਦੀ ਲੋੜ ਹੈ। ਕਾਰਖਾਨਾ ਮਜਦੂਰ ਯੂਨੀਅਨ ਸ਼ੁਰੂ ਤੋਂ ਹੀ ਮਜਦੂਰਾਂ-ਕਿਰਤੀਆਂ ਨੂੰ ਸਿੱਖਿਅਤ ਅਤੇ ਲਾਮਬੰਦ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਦੀ ਰਹੀ ਹੈ। ਪਰ ਮਜਦੂਰਾਂ ਦੀ ਵੱਡੀ ਅਬਾਦੀ ਨੂੰ ਜਾਗਰੂਕ, ਲਾਮਬੰਦ ਤੇ ਜੱਥੇਬੰਦ ਕਰਨ ਦਾ ਇੱਕ ਵੱਡਾ ਕਾਰਜ ਯੂਨੀਅਨ ਦੇ ਸਾਹਮਣੇ ਹੈ। ਮਜਦੂਰਾਂ ਵਿੱਚ ਮੌਜੂਦ ਫਿਰਕਾਪ੍ਰਸਤ, ਜਾਤਵਾਦੀ, ਖੇਤਰਵਾਦੀ, ਔਰਤ-ਵਿਰੋਧੀ ਆਦਿ ਫੁੱਟ-ਪਾਊ ਵਿਚਾਰਾਂ-ਤੁਅੱਸਬਾਂ ਤੋਂ ਮਜਦੂਰ ਜਮਾਤ ਨੂੰ ਮੁਕਤ ਕਰਨ ਲਈ ਸਮੁੱਚੀ ਜੱਥੇਬੰਦੀ ਨੂੰ ਵੱਡਾ ਹੰਭਲਾ ਮਾਰਨ ਦੀ ਲੋੜ ਹੈ।

          ਇਜਲਾਸ ਵਿੱਚ ਪੰਜ ਮਤੇ ਵੀ ਪਾਸ ਕੀਤੇ ਗਏ। ਇੱਕ ਮਤਾ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜਦੂਰ ਵਿਰੋਧੀ ਸੋਧਾਂ ਨੂੰ ਰੱਦ ਕਰਨ, ਮਜਦੂਰਾਂ ਦੇ ਸਾਰੇ ਕਾਨੂੰਨੀ ਕਿਰਤ ਹੱਕ ਲਾਗੂ ਕਰਨ ਦਾ ਪੇਸ਼ ਹੋਇਆ। ਇਸਦੇ ਨਾਲ਼ ਹੀ ਵਧਦੀ ਮਹਿੰਗਾਈ ਨੂੰ ਨੱਥ ਪਾਉਣ, ਹੜ੍ਹਾਂ ਦੀ ਰੋਕਥਾਮ ਲਈ ਢੁੱਕਵੇਂ ਪ੍ਰਬੰਧ ਕਰਨ ਅਤੇ ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜਾ ਦੇਣ ਸਬੰਧੀ ਮਤੇ ਪੇਸ਼ ਕੀਤੇ ਗਏ। ਭਾਰਤੀ ਹਾਕਮਾਂ ਵੱਲੋਂ ਮਨੀਪੁਰ ਵਿੱਚ ਕੂਕੀ ਤੇ ਮੀਤੀ ਕੌਮੀਅਤਾਂ ਨੂੰ ਆਪਸ 'ਚ ਲੜਾਉਣ ਅਤੇ ਨੂਹ (ਮੇਵਾਤ) ਵਿੱਚ ਫਿਰਕੂ ਹਿੰਸਾ ਭੜਕਾਉਣ ਖਿਲਾਫ ਦੋ ਮਤੇ ਪੇਸ਼ ਹੋਏ। ਇਹਦੇ ਨਾਲ਼ ਹੀ ਇੱਕ ਅਹਿਮ ਮਤਾ ਉੜੀਸਾ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਲਈ ਸ਼ੋਕ ਦਾ ਇਜਹਾਰ ਕਰਦੇ ਹੋਏ ਪੂਰੇ ਭਾਰਤ ਵਿੱਚ ਰੇਲ ਹਾਦਸਿਆਂ ਦੀ ਰੋਕਥਾਮ ਲਈ ਢੁੱਕਵੇਂ ਕਦਮ ਚੁੱਕਣ ਸਬੰਧੀ ਪਾਸ ਕੀਤਾ ਗਿਆ।

ਇਜਲਾਸ ਦੇ ਅੰਤ ’ਚ ਇਲਾਕੇ ’ਚ ਮਾਰਚ ਵੀ ਕੱਢਿਆ ਗਿਆ।