ਡੇਰਾ ਬਾਬਾ ਨਾਨਕ /ਬਟਾਲਾ, ਅਗਸਤ 2019-( ਇਕਬਾਲ ਸਿੰਘ ਰਸੂਲਪੁਰ )- ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਜ ਭਾਰਤ ਤੇ ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਦੀ ਮੀਟਿੰਗ ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸੀਮਾ ’ਤੇ ਜ਼ੀਰੋ ਲਾਈਨ ’ਤੇ ਹੋਈ, ਜਿਸ ਦੌਰਾਨ ਦੋਵਾਂ ਦੇਸ਼ਾਂ ਨੇ ਲਾਂਘੇ ਦਾ ਕੰਮ 31 ਅਕਤੂਬਰ ਤੱਕ ਹਰ ਹਾਲਤ ਵਿੱਚ ਮੁਕੰਮਲ ਕੀਤੇ ਜਾਣ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਭਾਵੇਂ ਨੇੜੇ ਨਹੀਂ ਜਾਣ ਦਿੱਤਾ ਗਿਆ, ਪਰ ਸੂਤਰ ਦੱਸਦੇ ਕਿ ਇਸ ਮੀਟਿੰਗ ਦੌਰਾਨ ਸੰਗਤ ਦੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਵੱਲੋਂ ਬਣਾਏ ਜਾ ਰਹੇ ਮੁੱਖ ਪੁਲ ਬਾਰੇ ਚਰਚਾ ਹੋਈ ਹੈ। ਜ਼ੀਰੋ ਲਾਈਨ ਉਹ ਬਿੰਦੂ ਹੈ, ਜਿੱਥੇ ਦੋਵਾਂ ਦੇਸ਼ਾਂ ਦੇ ਪੁਲ ਆਪਸ ਵਿੱਚ ਮਿਲਣੇ ਹਨ।
ਅੱਜ ਦੀ ਮੀਟਿੰਗ ਵਿੱਚ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ, ਲੈਂਡ ਪੋਰਟ ਅਥਾਰਿਟੀ, ਲਾਂਘੇ ਦਾ ਨਿਰਮਾਣ ਕਰਵਾ ਰਹੀ ਸੀਗਲ ਕੰਪਨੀ ਅਤੇ ਡਰੇਨੇਜ ਵਿਭਾਗ, ਲੋਕ ਨਿਰਮਾਣ ਵਿਭਾਗ ਸਮੇਤ ਕੇਂਦਰ ਦੇ ਕੁਝ ਵਿਭਾਗਾਂ ਤੋਂ ਅਧਿਕਾਰੀ ਹਾਜ਼ਰ ਸਨ। ਐੱਨਐੱਚਏਆਈ ਮੁੱਖ ਇੰਜਨੀਅਰ ਟੀ.ਐੱਸ. ਚਹਿਲ ਨੇ ਕਿਹਾ ਕਿ ਦੇ ਇਹ ਮੀਟਿੰਗ ਤਕਰੀਬਨ ਦੋ ਘੰਟੇ ਚੱਲੀ ਤੇ ਇਸ ਦੌਰਾਨ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਨੇ ਸੜਕਾਂ ਤੇ ਪੁਲ ਬਣਾਉਣ ਬਾਰੇ ਤਕਨੀਕੀ ਤੌਰ ’ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ’ਚ ਹੋਈ। ਇਸ ਦੌਰਾਨ ਸੰਗਤ ਨੂੰ ਮੈਡੀਕਲ ਸਹੂਲਤ ਦੇਣ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਸਬੰਧੀ ਚੱਲ ਰਹੇ ਕਾਰਜ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰ ਲਏ ਜਾਣਗੇ। ਸੂਤਰਾਂ ਅਨੁਸਾਰ ਭਾਰਤ ਦੇ ਅਧਿਕਾਰੀਆਂ ਨੇ ਪਾਕਿਸਤਾਨ ਤੋਂ ਆਈਆਂ ਟੀਮਾਂ ਅੱਗੇ ਇਹ ਸੁਝਾਅ ਰੱਖਿਆ ਕਿ ਉਹ ਵੀ ਜ਼ੀਰੋ ਲਾਈਨ ਤੱਕ ਭਾਰਤ ਵੱਲੋਂ ਬਣਾਏ ਜਾ ਰਹੇ ਮੁੱਖ ਪੁਲ ਦੇ ਬਰਾਬਰ ਪੁਲ ਦਾ ਨਿਰਮਾਣ ਕਰਵਾਉਣ। ਪਾਕਿਸਤਾਨ ਨੇ ਕਿਹਾ ਕਿ ਉਹ ਇਸ ਪੁਲ ਨੂੰ ਕੁਝ ਮਹੀਨੇ ਬਾਅਦ ਬਣਾਉਣਗੇ ਪਰ ਸੰਗਤ ਦੀ ਆਵਾਜਾਈ ਲਈ ਉਨ੍ਹਾਂ ਵਾਲੇ ਪਾਸੇ ਸਰਵਿਸ ਲੇਨ ਬਣਾਉਣ ਦਾ ਕੰਮ ਪਿਛਲੇ ਹਫਤੇ ਸ਼ੁਰੂ ਕਰ ਦਿੱਤਾ ਗਿਆ ਹੈ।